#PUNJAB

ਢਾਈ ਦਹਾਕਿਆਂ ਦੌਰਾਨ ਪ੍ਰਧਾਨ ਦੀ ਕੁਰਸੀ ਦਾ ਆਨੰਦ ਮਾਣਨ ਵਾਲੇ ਜ਼ਿਆਦਾਤਰ ਆਗੂਆਂ ਨੇ ਕਾਂਗਰਸ ਛੱਡੀ

ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਕੌਮੀ ਪੱਧਰ ‘ਤੇ ਕਈ ਵੱਡੇ ਕੱਦ ਦੇ ਆਗੂ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ। ਪੰਜਾਬ ਕਾਂਗਰਸ ਵਿਚ ਪਿਛਲੇ ਢਾਈ ਦਹਾਕਿਆਂ ਦੌਰਾਨ ਪ੍ਰਧਾਨ ਦੀ ਕੁਰਸੀ ਦਾ ਅਨੰਦ ਮਾਣਨ ਵਾਲੇ ਜ਼ਿਆਦਾਤਰ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਤੇ ਨਵਜੋਤ ਸਿੱਧੂ ਹੀ ਕਾਂਗਰਸ ਪਾਰਟੀ ਦਾ ਹਿੱਸਾ ਹਨ। ਨਵਜੋਤ ਸਿੱਧੂ ਭਾਵੇਂ ਕਾਂਗਰਸ ਦਾ ਹਿੱਸਾ ਹਨ ਪਰ ਉਨ੍ਹਾਂ ਚੋਣ ਪ੍ਰਚਾਰ ਤੋਂ ਚੁੱਪੀ ਵੱਟੀ ਹੋਈ ਹੈ ਤੇ ਅੱਜਕੱਲ੍ਹ ਉਹ ਆਈ.ਪੀ.ਐੱਲ. ਮੈਚਾਂ ਦੀ ਕੁਮੈਂਟਰੀ ਕਰਨ ‘ਚ ਰੁੱਝੇ ਹੋਏ ਹਨ, ਜਦਕਿ ਤਿੰਨ ਵਾਰੀ ਪਾਰਟੀ ਪ੍ਰਧਾਨਗੀ ਦਾ ਨਿੱਘ ਮਾਨਣ ਵਾਲੇ ਤੇ ਦੋ ਵਾਰ ਮੁੱਖ ਮੰਤਰੀ ਬਣਨ ਵਾਲੇ ਕੈਪਟਨ ਅਮਰਿੰਦਰ ਵੀ ਕਾਂਗਰਸੀ ਸੈਨਾ ਨੂੰ ਛੱਡ ਚੁੱਕੇ ਹਨ।
ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਹੀ ਨਹੀਂ, ਜ਼ਿਲ੍ਹਾ ਤੇ ਬਲਾਕ ਪੱਧਰ ਦੇ ਆਗੂ ਵੀ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਜੋ ਵੀ ਹੈ, ਇਕ ਗੱਲ ਸਪੱਸ਼ਟ ਹੈ ਕਿ ਸਿਆਸਤਦਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਨਹੀਂ ਆਪਣੀਆਂ ਕੁਰਸੀਆਂ ਤੇ ਕੱਦ ਪਿਆਰਾ ਹੈ।
ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸਾਲ 1999 ਤੋਂ 2002, ਫਿਰ 2010 ਤੋਂ 2013 ਤੇ 2015 ਤੋਂ 2017 ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਤੇ ਦੋ ਵਾਰ ਮੁੱਖ ਮੰਤਰੀ ਬਣੇ। ਸਾਲ 2021 ਵਿਚ ਕਾਂਗਰਸ ਹਾਈ ਕਮਾਨ ਨੇ ਨਵਾਂ ਤਜ਼ਰਬਾ ਕਰਦੇ ਹੋਏ ਕੈਪਟਨ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਕਾਂਗਰਸ ਦੇ ਇਸ ਫ਼ੈਸਲੇ ਦੇ ਉਲਟ ਕੈਪਟਨ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਇਕੱਲੇ ਕੈਪਟਨ ਨੇ ਹੀ ਕਾਂਗਰਸ ਦਾ ਸਾਥ ਨਹੀਂ ਛੱਡਿਆ, ਬਲਕਿ ਸਾਰਾ ਟੱਬਰ ਭਾਜਪਾ ‘ਚ ਸ਼ਾਮਲ ਹੋ ਗਿਆ। ਇਸੇ ਤਰ੍ਹਾਂ 2002 ਤੋਂ 2005 ਤੱਕ ਹਰਵਿੰਦਰ ਸਿੰਘ ਹੰਸਪਾਲ ਪ੍ਰਧਾਨ ਰਹੇ, ਜੋ ਕਿ ਫਿਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਤੇ ਅੱਜਕੱਲ੍ਹ ਪੇਡਾ ਦੇ ਚੇਅਰਮੈਨ ਹਨ। ਸਾਲ 2005 ਤੋਂ 2008 ਤੱਕ ਸ਼ਮਸ਼ੇਰ ਸਿੰਘ ਦੂਲੋ ਨੇ ਕਾਂਗਰਸ ਦੀ ਕਮਾਨ ਸੰਭਾਲੀ। ਉਨ੍ਹਾਂ ਤੋਂ ਬਾਅਦ ਦੋ ਸਾਲ 2010 ਤੱਕ ਮਹਿੰਦਰ ਸਿੰਘ ਕੇ.ਪੀ. ਪ੍ਰਧਾਨ ਰਹੇ, ਜੋ ਬੀਤੇ ਦਿਨੀਂ ਹੀ ਕਾਂਗਰਸ ਦਾ ਹੱਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਵੇਂ ਹੀ 2010 ਤੋ 2013 ਤੱਕ ਫਿਰ ਕੈਪਟਨ ਹੱਥ ਕਮਾਨ ਆਈ। ਸਾਲ 2013 ਤੋਂ 2015 ਤੱਕ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਰਹੇ। ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਨੇ 2015 ਤੋਂ 2017 ਤੱਕ ਤੀਜੀ ਵਾਰੀ ਕੈਪਟਨ ਅਮਰਿੰਦਰ ਸਿੰਘ ‘ਤੇ ਭਰੋਸਾ ਪ੍ਰਗਟ ਕੀਤਾ। ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2017 ਤੋਂ 2021 ਤੱਕ ਕਰੀਬ 4 ਸਾਲ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਪਰ ਉਹ ਵੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਰੋਸ ਵਜੋਂ ਕਾਂਗਰਸ ਨੂੰ ਅਲਵਿਦਾ ਆਖ ਗਏ ਸਨ, ਜੋ ਕਿ ਅੱਜਕੱਲ੍ਹ ਪੰਜਾਬ ਭਾਜਪਾ ਦੇ ਪ੍ਰਧਾਨ ਹਨ।
ਕਾਂਗਰਸ ਨੇ 2021 ਤੇ 2022 ਤੱਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ, ਜੋ ਕਿ ਹੁਣ ਚੋਣ ਪ੍ਰਚਾਰ ਕਰਨ ਦੀ ਬਜਾਏ ਆਈ.ਪੀ.ਐੱਲ. ਮੈਚਾਂ ਦੀ ਕਮੈਂਟਰੀ ਕਰਨ ਨੂੰ ਤਰਜੀਹ ਦੇ ਰਹੇ ਹਨ।