#PUNJAB

ਡੱਲੇਵਾਲ ਵੱਲੋਂ ਧਾਰਮਿਕ ਆਗੂਆਂ ਨੂੰ ਕੇਂਦਰ ‘ਤੇ ਦਬਾਅ ਪਾਉਣ ਦੀ ਅਪੀਲ

ਪਟਿਆਲਾ/ਪਾਤੜਾਂ, 14 ਜਨਵਰੀ (ਪੰਜਾਬ ਮੇਲ)- ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਧਾਰਮਿਕ ਆਗੂਆਂ ਨੂੰ ਚਿੱਠੀ ਲਿਖ ਕੇ ਕੇਂਦਰ ‘ਤੇ ਦਬਾਅ ਪਾਉਣ ਤੇ ਕਿਸਾਨੀ ਮਸਲੇ ਹੱਲ ਕਰਵਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦਸਤਖ਼ਤਾਂ ਹੇਠ ਇਹ ਚਿੱਠੀ ਸ੍ਰੀ ਅਕਾਲ ਤਖ਼ਤ ਸਣੇ ਸ਼ਾਹੀ ਇਮਾਮ ਅਤੇ ਜੋਸ਼ੀ ਮੱਠ ਦੇ ਮੁਖੀਆਂ ਨੂੰ ਲਿਖੀ ਗਈ ਹੈ। ਸੰਤਾਂ, ਮਹਾਪੁਰਸ਼ਾਂ ਤੇ ਧਾਰਮਿਕ ਆਗੂਆਂ ਨੂੰ ਕਿਸਾਨੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਚਿੱਠੀ ‘ਚ ਉਨ੍ਹਾਂ ਦੱਸਿਆ ਕਿ ਐੱਮ.ਐੱਸ.ਪੀ. ਦੀ ਗਾਰੰਟੀ ਦੇ ਕਾਨੂੰਨ ਸਣੇ ਦਰਜਨ ਭਰ ਹੋਰ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਡੱਲੇਵਾਲ ਪਿਛਲੇ ਤਕਰੀਬਨ 50 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ। ਇਸ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਦਾ ਜ਼ਿਕਰ ਵੀ ਕੀਤਾ ਗਿਆ ਹੈ। ਡੱਲੇਵਾਲ ਨੇ ਕਿਹਾ ਕਿ ਖੇਤੀਬਾੜੀ ਬਾਰੇ ਬਣੀ ਸੰਸਦ ਦੀ ਸਥਾਈ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ‘ਚ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਸ਼ਿਫਾਰਸ਼ ਵੀ ਕੀਤੀ ਗਈ ਹੈ। ਇਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ 31 ਸੰਸਦ ਮੈਂਬਰ ਸ਼ਾਮਲ ਹਨ।