#INDIA

ਡੋਵਾਲ ਲਗਾਤਾਰ ਤੀਜੀ ਵਾਰ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)-  ਕੇਂਦਰ ਸਰਕਾਰ ਨੇ ਅਜੀਤ ਡੋਵਾਲ ਨੂੰ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਵਜੋਂ ਲਗਾਤਾਰ ਤੀਜੀ ਵਾਰ ਨਿਯੁਕਤ ਕੀਤਾ ਹੈ। ਉੱਘੇ ਅਫ਼ਸਰ ਪੀਕੇ ਮਿਸ਼ਰਾ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸਕੱਤਰ ਵਜੋਂ ਪੰਜ ਸਾਲ ਲਈ ਮੁੜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਬਕਾ ਆਈਏਐੱਸ ਅਧਿਕਾਰੀਆਂ ਅਮਿਤ ਖਰੇ ਅਤੇ ਤਰੁਣ ਕਪੂਰ ਨੂੰ ਪ੍ਰਧਾਨ ਮੰਤਰੀ ਦੇ ਸਲਾਹਕਾਰ ਵਜੋਂ ਦੋ ਸਾਲ ਲਈ ਮੁੜ ਤੋਂ ਨਿਯੁਕਤ ਕੀਤਾ ਗਿਆ ਹੈ। ਡੋਵਾਲ ਪਹਿਲੇ ਐੱਨਐੱਸਏ ਬਣ ਗਏ ਹਨ ਜਿਨ੍ਹਾਂ ਦੀ ਇਸ ਅਹਿਮ ਅਹੁਦੇ ’ਤੇ ਲਗਾਤਾਰ ਤੀਜੀ ਵਾਰ ਨਿਯੁਕਤੀ ਕੀਤੀ ਗਈ ਹੈ।

ਪਰਸੋਨਲ ਮੰਤਰਾਲੇ ਨੇ ਕਿਹਾ ਕਿ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ 10 ਜੂਨ ਤੋਂ ਪ੍ਰਵਾਨਗੀ ਦਿੱਤੀ ਹੈ। ਦੋਵੇਂ ਡੋਵਾਲ ਅਤੇ ਮਿਸ਼ਰਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲੇਗਾ ਅਤੇ ਇਸ ਸਬੰਧੀ ਵੱਖਰੇ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਡੋਵਾਲ 1968 ਬੈਚ ਦੇ ਆਈਪੀਐੱਸ ਅਧਿਕਾਰੀ ਸਨ ਅਤੇ ਉਹ 2005 ’ਚ ਇੰਟੈਲੀਜੈਂਸ ਬਿਊਰੋ (ਆਈਬੀ) ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੂੰ 30 ਮਈ, 2014 ’ਚ ਪਹਿਲੀ ਵਾਰ ਐੱਨਐੱਸਏ ਨਿਯੁਕਤ ਕੀਤਾ ਗਿਆ ਸੀ। ਇਸ ਮਗਰੋਂ 31 ਮਈ, 2019 ਨੂੰ ਦੂਜੀ ਵਾਰ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਮੰਨਿਆ ਜਾਂਦਾ ਹੈ ਕਿ ਆਪਣੇ ਪਹਿਲੇ ਕਾਰਜਕਾਲ ਦੌਰਾਨ ਡੋਵਾਲ ਨੇ ਉੜੀ ਦਹਿਸ਼ਤੀ ਹਮਲੇ ਮਗਰੋਂ ਮਕਬੂਜ਼ਾ ਕਸ਼ਮੀਰ ’ਚ ਸਰਜੀਕਲ ਸਟਰਾਈਕ ’ਚ ਅਹਿਮ ਭੂਮਿਕਾ ਨਿਭਾਈ ਸੀ। ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਬਾਲਾਕੋਟ ਹਵਾਈ ਹਮਲੇ ਸਮੇਤ ਕੌਮੀ ਸੁਰੱਖਿਆ ’ਚ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਹੋਈ ਸੀ। ਉਨ੍ਹਾਂ ਆਈਬੀ ’ਚ ਵੱਖ ਵੱਖ ਅਹੁਦਿਆਂ ’ਤੇ 33 ਸਾਲ ਤੋਂ ਵੱਧ ਸਮੇਂ ਤੱਕ ਕੰਮ ਕੀਤਾ।

ਉਧਰ ਮਿਸ਼ਰਾ ਨੇ ਵੀ ਕੇਂਦਰ ਅਤੇ ਗੁਜਰਾਤ ਸਰਕਾਰ ’ਚ ਅਹਿਮ ਅਹੁਦਿਆਂ ’ਤੇ ਕੰਮ ਕੀਤਾ। ਗੁਜਰਾਤ ਕਾਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਮਿਸ਼ਰਾ ਨੂੰ ਮੋਦੀ ਦੇ ਦੂਜੇ ਕਾਰਜਕਾਲ ਦੌਰਨ 31 ਮਈ, 2019 ’ਚ ਮੁੜ ਤੋਂ ਪ੍ਰਿੰਸੀਪਲ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ।