#AMERICA

ਡੋਨਾਲਡ ਟਰੰਪ ਨੂੰ ਨਿਊ ਹੈਂਪਸ਼ਾਇਰ Primary ਚੋਣ ‘ਚ ਮਿਲੀ ਜਿੱਤ

-ਨਿੱਕੀ ਹੇਲੀ ਨੂੰ ਹਰਾਇਆ
ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊ ਹੈਂਪਸ਼ਾਇਰ ਦੇ ਪ੍ਰਾਇਮਰੀ (ਜੀ.ਓ.ਪੀ. ਪ੍ਰਾਇਮਰੀ) ਵਿਚ ਵੱਡੀ ਜਿੱਤ ਮਿਲੀ ਹੈ। ਰਿਪਬਲਿਕਨ ਉਮੀਦਵਾਰ ਵਜੋਂ ਟਰੰਪ ਆਪਣੀ ਵਿਰੋਧੀ ਅਤੇ ਭਾਰਤੀ ਮੂਲ ਦੀ ਨੇਤਾ ਨਿੱਕੀ ਹੇਲੀ ਤੋਂ ਕਾਫੀ ਅੱਗੇ ਨਿਕਲ ਗਏ ਹਨ। ਇਸ ਨਤੀਜੇ ਨੂੰ ਰਿਪਬਲਿਕਨ ਵਿਰੋਧੀ ਨਿੱਕੀ ਹੇਲੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਡਿਸੀਜਨ ਡੈਸਕ ਹੈੱਡਕੁਆਰਟਰ ਦੇ ਹਵਾਲੇ ਤੋਂ ਆਈ ‘ਦਿ ਹਿੱਲ’ ਦੀ ਮੁਤਾਬਕ ਜਿਵੇਂ ਹੀ ਨਿਊ ਹੈਂਪਸ਼ਾਇਰ ‘ਚ ਗਿਣਤੀ ਸ਼ੁਰੂ ਹੋਈ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂਆਤੀ ਰੁਝਾਨਾਂ ‘ਚ ਵੱਡੀ ਲੀਡ ਲੈ ਲਈ ਸੀ।
ਐਸੋਸੀਏਟਿਡ ਪ੍ਰੈੱਸ ਦੁਆਰਾ ਕੀਤੀ ਗਈ ਗਿਣਤੀ ਅਨੁਸਾਰ ਟਰੰਪ ਨੂੰ ਉੱਤਰ-ਪੂਰਬੀ ਰਾਜ ਵਿਚ 54 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ, ਜਦੋਂਕਿ ਹੇਲੀ ਨੂੰ 45 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ। ਹਿੱਲ ਦੀ ਰਿਪੋਰਟ ਮੁਤਾਬਕ ਕੁੱਲ ਵੋਟਾਂ ‘ਚੋਂ 26 ਫੀਸਦੀ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ 53.8 ਫੀਸਦੀ ਵੋਟਾਂ ਟਰੰਪ ਦੇ ਖਾਤੇ ‘ਚ ਗਈਆਂ। ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਐਤਵਾਰ ਨੂੰ ਆਇਓਵਾ ਕਾਕਸ ਵਿਚ ਟਰੰਪ ਤੋਂ 30 ਪ੍ਰਤੀਸ਼ਤ ਅੰਕਾਂ ਨਾਲ ਹਾਰਨ ਤੋਂ ਬਾਅਦ ਆਪਣੀ ਰਾਸ਼ਟਰਪਤੀ ਦੀ ਦੌੜ ਨੂੰ ਖ਼ਤਮ ਕਰ ਦਿੱਤਾ, ਜਿਸ ਕਾਰਨ ਰਿਪਬਲਿਕਨ ਹੇਲੀ ਹੀ ਟਰੰਪ ਲਈ ਚੁਣੌਤੀ ਬਣ ਗਈ। ਜਿੱਤ ਮਗਰੋਂ ਹੇਲੀ ਨੇ ਟਰੰਪ ਨੂੰ ਵਧਾਈ ਦਿੱਤੀ।
ਇਕ ਰਿਪੋਰਟ ਮੁਤਾਬਕ ਗ੍ਰੇਨਾਈਟ ਸਟੇਟ ਵਿਚ ਟਰੰਪ ਦੀ ਜਿੱਤ ਹੈਲੀ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਆਪਣਾ ਜ਼ਿਆਦਾਤਰ ਸਮਾਂ ਇਸੇ ਸੂਬੇ ਵਿਚ ਹੀ ਬਿਤਾਇਆ। ਪ੍ਰਸਿੱਧ ਗਵਰਨਰ ਕ੍ਰਿਸ ਸੁਨੂ ਵੀ ਹੇਲੀ ਦੇ ਨਾਲ ਸਨ। ਹਾਲਾਂਕਿ ਅੰਤਿਮ ਨਤੀਜੇ ਆਉਣ ‘ਤੇ ਨਤੀਜੇ ਉਸ ਦੇ ਹੱਕ ‘ਚ ਨਹੀਂ ਗਏ। ਸਿਰਫ ਇਕ ਮੌਕੇ ‘ਤੇ ਹੈਲੀ ਅਤੇ ਟਰੰਪ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ।