#AMERICA

ਡੋਨਾਲਡ ਟਰੰਪ ਦਾ ‘ਸਿੱਖਸ ਫਾਰ ਟਰੰਪ’ ਵੱਲੋਂ ਸਮਰਥਨ ਦਾ ਐਲਾਨ

ਵਾਸ਼ਿੰਗਟਨ, 21 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਬਹੁਚਰਚਿਤ ਸਿਆਸੀ ਸਿੱਖ ਆਗੂ ਡੋਨਾਲਡ ਟਰੰਪ ਦੀ ਅਮਰੀਕਾ ਦੀ ਸਭ ਤੋਂ ਵੱਡੀ ਰਾਸ਼ਟਰਪਤੀ ਚੋਣ ਦੌੜ ‘ਚ ਰਿਪਬਲਿਕਨ ਪਾਰਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਸ਼ਾਮਿਲ ਹਨ। ਉਨ੍ਹਾਂ ਦਾ ਮੁਕਾਬਲਾ ਡੈਮੋਕ੍ਰੇਟ ਪਾਰਟੀ ਦੀ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਨਾਲ ਹੈ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ‘ਸਿੱਖਸ ਫਾਰ ਟਰੰਪ’ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਯਾਦ ਰਹੇ ਕਿ ਸਿੱਖਸ ਫਾਰ ਟਰੰਪ ਜੋ ਸੰਨ 2016 ਤੋਂ ਹੀ ਡੋਨਾਲਡ ਟਰੰਪ ਦੀ ਜ਼ੋਰਦਾਰ ਹਮਾਇਤ ਕਰਦੀ ਆ ਰਹੀ ਹੈ। ਬੀਤੇ ਦਿਨੀਂ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਸਾਬਕਾ ਰਾਸ਼ਟਰਪਤੀ ਅਤੇ ਇਸ ਵਾਰ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਡੋਨਾਲਡ ਟਰੰਪ ਨਾਲ ਪੈਨਸਿਲਵੇਨੀਆ ਵਿਖੇ ਉਨ੍ਹਾਂ ਦੀ ਚੋਣ ਮੁਹਿੰਮ ‘ਚ ਸ਼ਾਮਿਲ ਹੁੰਦਿਆਂ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਉਪਰੰਤ ਜੱਸੀ ਨੇ ਦੱਸਿਆ ਕਿ ਡੋਨਾਲਡ ਟਰੰਪ ਨੇ ਸਮਰਥਨ ਦੇਣ ਲਈ ਸਿੱਖਸ ਫਾਰ ਟਰੰਪ ਦਾ ਧੰਨਵਾਦ ਕੀਤਾ। ਜੱਸੀ ਨੇ ਦੱਸਿਆ ਕਿ ਇਸ ਵਾਰ ਟਰੰਪ ਵਿਚ ਵੱਖਰਾ ਹੀ ਉਤਸ਼ਾਹ ਹੈ ਅਤੇ ਲੋਕਾਂ ਵਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਜੱਸੀ ਨੇ ਅਮਰੀਕਾ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਡੋਨਾਲਡ ਟਰੰਪ ਦੀ ਡੱਟ ਕੇ ਹਮਾਇਤ ਕੀਤੀ ਜਾਵੇ ਅਤੇ ਆਪਣੇ ਅਤੇ ਆਪਣੇ ਸਕੇ ਸਬੰਧੀਆਂ ਦੀ ਇਕ-ਇਕ ਵੋਟ ਟਰੰਪ ਦੇ ਹੱਕ ਵਿਚ ਭੁਗਤਾਈ ਜਾਵੇ, ਤਾਂ ਜੋ ਉਹ ਰਾਸ਼ਟਰਪਤੀ ਬਣ ਸਕਣ।