ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿਚ ਸ਼ਾਮਲ
ਨਵੀਂ ਦਿੱਲੀ, 18 ਨਵੰਬਰ (ਪੰਜਾਬ ਮੇਲ)- ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। ਕੌਮਾਂਤਰੀ ਖੂਬਸੂਰਤੀ ਮੁਕਾਬਲੇ ਦਾ ਪੁਰਸਕਾਰ ਪਹਿਲੀ ਵਾਰ ਡੈਨਮਾਰਕ ਦੀ ਝੋਲੀ ਪਿਆ ਹੈ। ਇਸ ਮੁਕਾਬਲੇ ਦਾ 73ਵਾਂ ਐਡੀਸ਼ਨ ਲੰਘੀ ਰਾਤ ਮੈਕਸਿਕੋ ਦੇ ਐਰੇਨਾ ਸ਼ਹਿਰ ‘ਚ ਕਰਵਾਇਆ ਗਿਆ, ਜਿਸ ਵਿਚ 120 ਮੁਲਕਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ‘ਚ ਮਿਸ ਨਾਇਜੀਰੀਆ ਚਿਡਿੰਮਾ ਐਡੇਟਸ਼ਾਈਨਾ ਨੂੰ ਦੂਜਾ, ਜਦਕਿ ਮਿਸ ਮੈਕਸਿਕੋ ਮਾਰੀਆ ਫਰਨਾਂਡਾ ਬੈਲਟਰਾਨ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ।
ਮਿਸ ਯੂਨੀਵਰਸ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਇੱਕ ਪੋਸਟ ‘ਚ ਲਿਖਿਆ ਗਿਆ, ‘ਇੱਕ ਨਵੇਂ ਯੁੱਗ ਦੀ ਸ਼ੁਰੂਆਤ! ਡੈਨਮਾਰਕ ਨੂੰ 73ਵੀਂ ਮਿਸ ਯੂਨੀਵਰਸ ਦੀ ਵਧਾਈ। ਉਮੀਦ ਹੈ ਕਿ ਤੁਹਾਡਾ ਦੌਰ ਦੁਨੀਆਂ ਭਰ ਦੀਆਂ ਮਹਿਲਾਵਾਂ ਨੂੰ ਪ੍ਰੇਰਿਤ ਕਰੇਗਾ।’ ਹੀਰੇ ਵੇਚਣ ਦੇ ਕਾਰੋਬਾਰ ‘ਚ ਕੰਮ ਕਰਨ ਵਾਲੀ ਤੇ ਪਸ਼ੂਆਂ ਦੀ ਰਾਖੀ ਕਰਨ ਵਾਲੀ ਵਕੀਲ ਥੇਲਵਿਗ ਨੂੰ ਨਿਕਾਰਾਗੁਆ ਦੀ ਮਿਸ ਯੂਨੀਵਰਸ 2023 ਸ਼ੇਨਿਸ ਪਲੈਸਿਓਸ ਨੇ ਜਿੱਤ ਦਾ ਤਾਜ ਪਹਿਨਾਇਆ। ਮੁਕਾਬਲੇ ‘ਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਦੀ ਸੂਚੀ ‘ਚ ਸ਼ਾਮਲ ਰਹੀ। ਮਿਸ ਯੂਨੀਵਰਸ 2024 ਦੇ ਮੁਕਾਬਲੇ ਦੀ ਮੇਜ਼ਬਾਨੀ ਮਾਰੀਓ ਲੋਪੇਜ਼, ਮਿਸ ਯੂਨੀਵਰਸ 2012 ਓਲੀਵੀਆ ਕੁਲਪੋ, ਪ੍ਰੈਜ਼ੈਂਟਰ ਜ਼ੂਰੀ ਹਾਲ ਅਤੇ ਮਿਸ ਯੂਨੀਵਰਸ 2018 ਕੈਟਰੀਓਨਾ ਗਰੇਅ ਨੇ ਕੀਤੀ। ਮੈਕਸਿਕੋ ਨੇ ਤੀਜੀ ਵਾਰ ਇਸ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਹੈ।