ਚੰਡੀਗੜ੍ਹ, 2 ਅਕਤੂਬਰ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਮਿਲਣ ‘ਤੇ ਉਹ ਜੇਲ੍ਹ ਤੋਂ ਬਾਹਰ ਆ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਮ ਰਹੀਮ ਦੀ ਤਰਫੋਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਪੈਰੋਲ ‘ਤੇ ਰਿਹਾਈ ਲਈ ਅਰਜ਼ੀ ਦਿੱਤੀ ਗਈ ਸੀ। ਅਰਜ਼ੀ ਵਿਚ ਦੱਸਿਆ ਗਿਆ ਕਿ 5 ਅਕਤੂਬਰ ਨੂੰ ਡੇਰਾ ਸੱਚਾ ਸੌਦਾ ਮੁਖੀ ਦੇ ਪਿਤਾ ਮੱਗਰ ਸਿੰਘ ਦੀ ਬਰਸੀ ਹੈ। ਇਸ ਤੋਂ ਇਲਾਵਾ ਅਰਜ਼ੀ ਵਿਚ ਕੁਝ ਹੋਰ ਕਾਰਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਦੂਜੇ ਪਾਸੇ ਗੁਰਮੀਤ ਰਾਮ ਰਹੀਮ ਦੀ ਅਰਜ਼ੀ ਅਜਿਹੇ ਸਮੇਂ ‘ਚ ਦਿੱਤੀ ਗਈ ਹੈ, ਜਦੋਂ ਸੂਬੇ ‘ਚ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਦੌਰਾਨ ਜੇਲ੍ਹ ਵਿਚ ਬੰਦ ਕਿਸੇ ਵੀ ਕੈਦੀ ਦੀ ਰਿਹਾਈ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਦੀ ਆਗਿਆ ਦੀ ਲੋੜ ਹੁੰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਹਾਲ ਹੀ ਦੀਆਂ ਚੋਣਾਂ ਦੌਰਾਨ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੋਵੇ, ਇਸ ਤੋਂ ਪਹਿਲਾਂ ਵੀ ਲੋਕਤੰਤਰ ਦੇ ਮਹਾਨ ਤਿਉਹਾਰ ਦੌਰਾਨ ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਦਿੱਤੀ ਗਈ ਸੀ।
2017 ਵਿਚ ਅਦਾਲਤ ਨੇ ਰਾਮ ਰਹੀਮ ਨੂੰ ਆਪਣੀਆਂ ਦੋ ਮਹਿਲਾ ਚੇਲਿਆਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 ਵਿਚ 16 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਪੱਤਰਕਾਰ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਦੱਸ ਦੇਈਏ ਕਿ ਪੈਰੋਲ ਇੱਕ ਕਾਨੂੰਨੀ ਪ੍ਰਕਿਰਿਆ ਹੈ, ਜਿਸ ਵਿਚ ਇੱਕ ਕੈਦੀ ਨੂੰ ਕੁਝ ਸ਼ਰਤਾਂ ਦੇ ਨਾਲ ਅਸਥਾਈ ਤੌਰ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਹੈ। ਇਹ ਇਸ ਵਿਸ਼ਵਾਸ ‘ਤੇ ਆਧਾਰਿਤ ਹੁੰਦਾ ਹੈ ਕਿ ਕੈਦੀ ਨੇ ਸੁਧਾਰ ਕੀਤਾ ਹੈ ਅਤੇ ਸਮਾਜ ਵਿਚ ਵਾਪਸ ਆਉਣ ਲਈ ਤਿਆਰ ਹੈ।