#AMERICA

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਕੀਤੀ ਸ਼ਮੂਲੀਅਤ

ਡੈਟਨ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਓਹਾਇਓ ਦੇ ਸ਼ਹਿਰ ਡੇਟਨ ਵਿਚ ਵਸਦੇ ਭਾਰਤੀਆ ਵੱਲੋ ਡੇਟਨ ਸ਼ਹਿਰ ਵਿਚ ਵਿਸ਼ਾਲ ਪੱਧਰ ‘ਤੇ ਆਜ਼ਾਦੀ ਦਿਹਾੜਾ 4 ਜੁਲਾਈ ਨੂੰ ਮਨਾਇਆ ਗਿਆ, ਜਿਸ ਵਿਚ ਸਾਰੇ ਵਰਗਾਂ, ਧਰਮਾਂ, ਰੰਗ, ਨਸਲ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਜ਼ਸ਼ਨ ਮਨਾਏ। ਸਿੱਖ ਭਾਈਚਾਰੇ ਨੇ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ ‘ਚ ਡੇਟਨ ਦੇ ਨਾਲ ਲੱਗਦੇ ਸ਼ਹਿਰ ਫੇਅਰਬੋਰਨ ਅਤੇ ਬੀਵਰਕ੍ਰੀਕ ਦੀ ਪਰੇਡ ‘ਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਪਰੇਡ ਵਿਚ ਵੱਡੀ ਗਿਣਤੀ ‘ਚ ਪਰਿਵਾਰ ਸਣੇ ਭਾਰਤੀਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਭਾਈਚਾਰੇ ਦੇ ਮੈਂਬਰਾਂ ਨੇ ਅਮਰੀਕੀ ਝੰਡੇ, ਸਿੱਖਸ ਇਨ ਅਮਰੀਕਾ ਦੇ ਬੈਨਰ ਫੜੇ ਹੋਏ ਸਨ। ਸਿੱਖ ਭਾਈਚਾਰਾ ਪਿਛਲੇ 8 ਸਾਲਾਂ ਤੋਂ ਸਿੱਖ ਸੁਸਾਇਟੀ ਆਫ਼ ਡੈਟਨ ਦੇ ਬੈਨਰ ਹੇਠ ਭਾਗ ਲੈ ਰਿਹਾ ਹੈ। ਇਸ ਵੱਡੇ ਮਾਰਚ ਦਾ ਲੋਕ ਹੈਪੀ ਫੌਰਥ ਜੁਲਾਈ, ਹੈਪੀ ਇੰਡੀਪੈਂਡੈਂਸ ਡੇਅ ਕਹਿਕੇ ਸਵਾਗਤ ਕਰ ਰਹੇ ਸਨ। ਇਸ ਪਰੇਡ ‘ਚ ਸਿੱਖ ਆਪਣੀ ਨਿਵੇਕਲੀ ਪਛਾਣ ਕਾਰਨ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।
ਇਸ ਪਰੇਡ ‘ਚ ਸਿੱਖ ਸੁਸਾਇਟੀ ਆਫ ਡੈਟਨ ਨੇ ਸ਼ਾਮਲ ਹੋ ਕੇ ਵਿਸ਼ੇਸ਼ ਭੂਮਿਕਾ ਨਿਭਾਈ। ਫੇਅਰਬੋਰਨ ਦੀ ਪਰੇਡ ‘ਚ ਜਦੋਂ ਸਿੱਖਾਂ ਦਾ ਫਲੋਟ ਮੁੱਖ ਸਟੇਜ ਦੇ ਕੋਲੋਂ ਲੰਘਿਆ, ਤਾਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਿੱਖਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਭਾਈਚਾਰੇ ਵਲੋਂ ਠੰਡੇ ਪਾਣੀ ਦੀਆਂ ਬੋਤਲਾਂ ਨਾਲ ਲੋਕਾਂ ਦੀ ਸੇਵਾ ਕੀਤੀ ਗਈ। ਅਵਤਾਰ ਸਿੰਘ ਸਪ੍ਰਿੰਗਫੀਲਡ ਨੇ ਦੱਸਿਆ ਕਿ ਪਰੇਡ ਵਿਚ ਮੇਲੇ ਵਰਗਾ ਮਾਹੌਲ ਸੀ ਅਤੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਨੇ ਇਨ੍ਹਾਂ ਪਰੇਡ ‘ਚ ਸ਼ਾਮਲ ਹੋ ਕੇ ਆਜ਼ਾਦੀ ਜ਼ਸ਼ਨ ਮਨਾਉਣ ਲਈ ਵਰਨਣਯੋਗ ਹਿੱਸਾ ਪਾਇਆ।
ਫੋਟੋਗ੍ਰਾਫੀ: ਸੁਨੀਲ ਮੱਲ੍ਹੀ