ਸ੍ਰੀ ਗੋਇੰਦਵਾਲ ਸਾਹਿਬ, 25 ਨਵੰਬਰ (ਪੰਜਾਬ ਮੇਲ)- ਥਾਣਾ ਗੋਇੰਦਵਾਲ ਸਾਹਿਬ ਅਧੀਨ ਪਿੰਡ ਭੈਲ ’ਚ ਨਵਜੰਮੀ ਧੀ ਦੇ ਸਵਾ ਮਹੀਨੇ ਦੀ ਹੋਣ ’ਤੇ ਰੱਖੀ ਪਾਰਟੀ ਦੌਰਾਨ ਦੇਰ ਰਾਤ ਡੀਜੇ ’ਤੇ ਨੱਚ ਰਹੇ ਨੌਜਵਾਨਾਂ ਦਰਮਿਆਨ ਲੜਾਈ ਵਿੱਚ ਤੇਜ਼ਧਾਰ ਹਥਿਆਰਾਂ ਨਾਲ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਮਸ਼ੇਰ ਸਿੰਘ (22) ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੈਲ ਢਾਏਵਾਲਾ ਵਜੋਂ ਹੋਈ ਹੈ। ਸ਼ਮਸ਼ੇਰ ਸਿੰਘ ਦੇਰ ਰਾਤ ਗੁਆਂਢ ਰਹਿੰਦੇ ਦੋਸਤ ਵੱਲੋਂ ਰੱਖੀ ਪਾਰਟੀ ਵਿੱਚ ਗਿਆ ਸੀ। ਇਸ ਦੌਰਾਨ ਡੀਜੇ ’ਤੇ ਭੰਗੜੇ ਪਾਉਂਦੇ ਸਮੇਂ ਸ਼ਮਸ਼ੇਰ ਸਿੰਘ ਦਾ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ, ਜੋ ਖੂਨੀ ਝੜਪ ਵਿੱਚ ਬਦਲ ਗਿਆ। ਇਸ ਦੌਰਾਨ ਨੌਜਵਾਨਾਂ ਨੇ ਸ਼ਮਸ਼ੇਰ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।