#PUNJAB

ਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ 

– ਮੀਟਿੰਗ ਦਾ ਉਦੇਸ਼ ਆਰਪੀਐਫ, ਜੀਆਰਪੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣਾ
– ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਂਝੇ ਯਤਨ ਕੀਤੇ ਜਾ ਰਹੇ ਹਨ: ਡੀਜੀਪੀ ਗੌਰਵ ਯਾਦਵ
– ਮੀਟਿੰਗ ਵਿੱਚ ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ, ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰ ਐਨ ਢੋਕੇ ਅਤੇ ਪ੍ਰਿੰਸੀਪਲ ਚੀਫ ਕਮਿਸ਼ਨਰ ਆਰਪੀਐਫ ਏਐਨ ਮਿਸ਼ਰਾ ਨੇ ਕੀਤੀ ਸ਼ਮੂਲੀਅਤ
ਚੰਡੀਗੜ੍ਹ, 28 ਅਪ੍ਰੈਲ (ਪੰਜਾਬ ਮੇਲ)- ਰੇਲਵੇ ਲਈ ਸੁਰੱਖਿਆ ਚੁਣੌਤੀਆਂ ਅਤੇ ਉਭਰਦੇ ਖ਼ਤਰੇ ਦੀ ਸਮੀਖਿਆ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਰੇਲਵੇ ਲਈ ਸੂਬਾ ਪੱਧਰੀ ਸੁਰੱਖਿਆ ਕਮੇਟੀ (ਐਸਐਲਐਸਸੀਆਰ) ਨਾਲ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ, ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰ ਐਨ ਢੋਕੇ, ਪ੍ਰਿੰਸੀਪਲ ਚੀਫ਼ ਕਮਿਸ਼ਨਰ ਰੇਲਵੇ ਪੁਲਿਸ ਫੋਰਸ (ਆਰਪੀਐਫ) ਏਐਨ ਮਿਸ਼ਰਾ, ਸੀਨੀਅਰ ਡਿਪਟੀ ਸੁਰੱਖਿਆ ਕਮਿਸ਼ਨਰ ਨਿਤੀਸ਼ ਸ਼ਰਮਾ, ਏਆਈਜੀ ਜੀਆਰਪੀ ਏਪੀਐਸ ਘੁੰਮਣ ਅਤੇ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਪੰਜਾਬ ਅਤੇ ਕੇਂਦਰੀ ਏਜੰਸੀਆਂ ਸਮੇਤ ਵਿਭਾਗਾਂ ਦੇ ਹੋਰ ਭਾਈਵਾਲ ਮੌਜੂਦ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਆਰਪੀਐਫ, ਜੀਆਰਪੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਂਝੇ ਤੌਰ ‘ਤੇ ਯਤਨ ਕੀਤੇ ਜਾ ਰਹੇ ਹਨ।
ਆਰਪੀਐਫ, ਜੀਆਰਪੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਇਹਨਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਯਮਤ ਰੂਪ ਵਿੱਚ ਤਾਲਮੇਲ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਆਰਪੀਐਫ ਅਤੇ ਜੀਆਰਪੀ ਪੰਜਾਬ ਨੂੰ ਆਮ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਰੇਲਵੇ ਟਰੈਕਾਂ ‘ਤੇ ਗਸ਼ਤ ਕਰਨ ਅਤੇ ਰੇਲ ਗੱਡੀਆਂ ਲਈ ਇਸਕੌਰਟ ਕਰਨ ਵਾਸਤੇ ਸਾਂਝੀਆਂ ਟੀਮਾਂ ਭੇਜਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਆਰਪੀਐਫ, ਜੀਆਰਪੀ ਪੰਜਾਬ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।