#INDIA

ਡਾ. ਮਨਮੋਹਨ ਸਿੰਘ ਸਮੇਤ 54 ਸੰਸਦ ਮੈਂਬਰ ਰਾਜ ਸਭਾ ਤੋਂ ਸੇਵਾਮੁਕਤ

ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਮੇਲ)- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਲਗਪਗ 54 ਸੰਸਦ ਮੈਂਬਰ ਮੰਗਲਵਾਰ ਤੇ ਬੁੱਧਵਾਰ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰਾਜ ਸਭਾ ਵਿਚ 33 ਸਾਲਾ ਲੰਮੀ ਸੰਸਦੀ ਪਾਰੀ ਵੀ 3 ਅਪ੍ਰੈਲ ਨੂੰ ਸਮਾਪਤ ਹੋ ਗਈ। ਉਨ੍ਹਾਂ ਦੀ ਸੇਵਾਮੁਕਤੀ ਦੇ ਨਾਲ ਹੀ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਹਿਲੀ ਵਾਰ ਸੰਸਦ ਦੇ ਉਪਰਲੇ ਸਦਨ ਵਿਚ ਪਹੁੰਚ ਜਾਣਗੇ। ਡਾ. ਮਨਮੋਹਨ ਸਿੰਘ ਕਈ ਦਲੇਰਾਨਾ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਲਈ ਜਾਣੇ ਜਾਂਦੇ ਹਨ। ਉਹ ਪਹਿਲੀ ਵਾਰ ਅਕਤੂਬਰ 1991 ਵਿਚ ਰਾਜ ਸਭਾ ਮੈਂਬਰ ਬਣੇ ਸਨ। ਉਹ ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਦੌਰਾਨ 1991 ਤੋਂ 1996 ਤੱਕ ਵਿੱਤ ਮੰਤਰੀ ਅਤੇ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਹਨ।
ਰਾਜ ਸਭਾ ਦੇ ਆਖ਼ਰੀ ਸੈਸ਼ਨ ਵਿਚ ਬਜ਼ੁਰਗ ਸੰਸਦ ਮੈਂਬਰ ਨੂੰ ਵਿਦਾਇਗੀ ਦੇਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਡਾ. ਮਨਮੋਹਨ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਸੀ।