ਚੰਡੀਗੜ੍ਹ, 27 ਦਸੰਬਰ (ਪੰਜਾਬ ਮੇਲ)- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਪੰਜਾਬ ‘ਚ 7 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਸੂਬੇ ਵਿਚ ਤਿਰੰਗਾ ਅੱਧਾ ਝੁਕਿਆ ਰਹੇਗਾ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਮਨੋਰੰਜਨ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ ਨੂੰ ਇਥੇ ਏਮਸ ਵਿਚ ਦੇਹਾਂਤ ਹੋ ਗਿਆ ਸੀ। ਉਹ 92 ਸਾਲਾਂ ਦੇ ਸਨ। ਉਨ੍ਹਾਂ ਰਾਤ 9:51 ਵਜੇ ਆਖਰੀ ਸਾਹ ਲਏ। ਉਹ ਵੀਰਵਾਰ ਸ਼ਾਮ ਅਚਾਨਕ ਬੇਸੁੱਧ ਹੋ ਗਏ ਜਿਸ ਮਗਰੋਂ ਉਨ੍ਹਾਂ ਨੂੰ ਰਾਤੀਂ 8:06 ਵਜੇ ਏਮਸ ਦੇ ਐਮਰਜੈਂਸੀ ਵਿਭਾਗ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਸੂਤਰਾਂ ਮੁਤਾਬਕ ਸਰਕਾਰ ਨੇ ਦੇਸ਼ ’ਚ 7 ਦਿਨ ਦਾ ਸੋਗ ਐਲਾਨ ਦਿੱਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਪਤਾ ਲੱਗਦੇ ਹੀ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਕਾਂਗਰਸ ਐੱਮਪੀ ਪ੍ਰਿਯੰਕਾ ਗਾਂਧੀ ਵਾਡਰਾ ਏਮਸ ਪਹੁੰਚ ਗਏ ਸਨ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਕਰਨਾਟਕ ਦੇ ਬੇਲਗਾਵੀ ਵਿਚ ਸ਼ੁਰੂ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਦੋ ਰੋਜ਼ਾ ਬੈਠਕ ਵਿਚਾਲੇ ਛੱਡ ਕੇ ਦਿੱਲੀ ਪਰਤ ਆਏ ਹਨ।