ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਦੁਬਈ ‘ਚ ਫਸੇ ਪੰਜਾਬੀਆਂ ਨੂੰ ਚਾਰਟਰ ਜਹਾਜ਼ਾਂ ਰਾਹੀਂ ਲਿਆਉਣਾ ਸ਼ੁਰੂ

607
Share

ਚੰਡੀਗੜ੍ਹ, 8 ਜੁਲਾਈ (ਪੰਜਾਬ ਮੇਲ)- ਕਰੋਨਾ ਮਹਾਮਾਰੀ ਕਾਰਨ ਦੁਬਈ ਵਿਚ ਫਸੇ ਪੰਜਾਬੀਆਂ ਨੂੰ ਚਾਰਟਰ ਜਹਾਜ਼ ਰਾਹੀਂ ਭਾਰਤ ਵਾਪਸ ਲਿਆਉਣ ਲਈ ਡਾ. ਐੱਸ.ਪੀ. ਸਿੰਘ ਓਬਰਾਏ ਨੇ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਚੋਂ ਬਹੁਤੇ ਲੋਕ ਯੂਨਾਈਟਿਡ ਅਰਬ ਅਮੀਰਾਤ, ਦੁਬਈ ਵਿਖੇ ਕੰਮਕਾਰ ਕਰਨ ਲਈ ਗਏ ਸਨ। ਪਰ ਉਥੇ ਤਕਰੀਬਨ ਹਰ ਤਰ੍ਹਾਂ ਦੇ ਕਾਰੋਬਾਰ ਬੰਦ ਹੋ ਗਏ, ਜਿਸ ਕਾਰਨ ਇਹ ਲੋਕ ਬੇਰੁਜ਼ਗਾਰ ਹੋ ਗਏ। ਇਨ੍ਹਾਂ ਵਿਚੋਂ ਬਹੁਤੇ ਲੋਕ ਤਾਂ ਸੜਕਾਂ ‘ਤੇ ਸੌਣ ਲਈ ਮਜਬੂਰ ਹੋ ਗਏ ਸਨ। ਇਨ੍ਹਾਂ ਵਿਚੋਂ ਬਹੁਤਿਆਂ ਕੋਲ ਤਾਂ ਖਾਣ-ਪੀਣ ਲਈ ਰਾਸ਼ਨ ਵੀ ਨਹੀਂ ਸੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇਨ੍ਹਾਂ ਲੋਕਾਂ ਦੀ ਬਾਂਹ ਫੜੀ। ਜਿੱਥੇ ਦੁਬਈ ‘ਚ ਫਸੇ ਇਨ੍ਹਾਂ ਲੋਕਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕੀਤਾ, ਉਥੇ ਆਪਣੇ ਖਰਚੇ ‘ਤੇ ਚਾਰਟਰ ਜਹਾਜ਼ਾਂ ਰਾਹੀਂ ਭਾਰਤ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ‘ਚ ਪਹੁੰਚੀ ਪਹਿਲੀ ਚਾਰਟਰ ਫਲਾਈਟ ਰਾਹੀਂ 177 ਭਾਰਤੀ ਵਾਪਸ ਆਏ। ਇੱਥੇ ਪਹੁੰਚਣ ‘ਤੇ ਇਨ੍ਹਾਂ ਯਾਤਰੀਆਂ ਦੇ ਕਰੋਨਾ ਟੈਸਟ ਕੀਤੇ ਗਏ ਅਤੇ 14 ਦਿਨਾਂ ਲਈ ਕੁਆਰੰਟੀਨ ‘ਚ ਰੱਖਿਆ ਜਾਵੇਗਾ। ਉਪਰੰਤ ਉਨ੍ਹਾਂ ਦੀਆਂ ਰਿਹਾਇਸ਼ ਵਿਖੇ ਪਹੁੰਚਾਇਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਹਿਲੀ ਫਲਾਈਟ ਵਿਚ 177 ਯਾਤਰੀ ਆਏ ਹਨ। ਇਸੇ ਤਰ੍ਹਾਂ ਤਿੰਨ ਹੋਰ ਫਲਾਈਟਾਂ ਆਉਣਗੀਆਂ। ਅਗਲੀ ਫਲਾਈਟ 13 ਜੁਲਾਈ ਨੂੰ ਅੰਮ੍ਰਿਤਸਰ ਪਹੁੰਚੇਗੀ। ਤੀਜੀ ਫਲਾਈਟ 19 ਜੁਲਾਈ ਨੂੰ ਚੰਡੀਗੜ੍ਹ ਪਹੁੰਚੇਗੀ ਅਤੇ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ, ਤਾਂ ਹੋਰ ਵੀ ਫਲਾਈਟਾਂ ਦਾ ਇੰਤਜ਼ਾਮ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮ੍ਰਿਤਕ ਦੇਹਾਂ ਵੀ ਭਾਰਤ ਪਹੁੰਚਾ ਚੁੱਕਾ ਹੈ। ਕੋਰੋਨਾਵਾਇਰਸ ਦੌਰਾਨ ਪਿਛਲੇ 3 ਮਹੀਨਿਆਂ ਤੋਂ ਕਰੋੜਾਂ ਰੁਪਏ ਆਪਣੇ ਕੋਲੋਂ ਖਰਚ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਆਪਣੇ ਕੋਲੋਂ ਕਰ ਰਹੇ ਹਨ। ਪਹੁੰਚਣ ਵਾਲੇ ਯਾਤਰੀਆਂ ਵਿਚ ਇਕ ਯਾਤਰੀ ਵ੍ਹੀਲ ਚੇਅਰ ‘ਤੇ ਸੀ ਅਤੇ ਉਹ ਅਪਾਹਜ ਸੀ। ਚੰਡੀਗੜ੍ਹ ਏਅਰਪੋਰਟ ਤੋਂ ਬਾਹਰ ਆਉਂਦਿਆਂ ਜਦੋਂ ਪੱਤਰਕਾਰਾਂ ਨੇ ਉਸ ਨੂੰ ਇਥੇ ਆਉਣ ਬਾਰੇ ਪੁੱਛਿਆ, ਤਾਂ ਬਜਾਏ ਪੱਤਰਕਾਰਾਂ ਦਾ ਜਵਾਬ ਦੇਣ ਦੇ ਉਹ ਉੱਚੀ-ਉੱਚੀ ‘ਡਾ. ਐੱਸ.ਪੀ. ਸਿੰਘ ਓਬਰਾਏ ਜ਼ਿੰਦਾਬਾਦ’ ਦੇ ਨਾਅਰੇ ਮਾਰਨ ਲੱਗ ਪਿਆ। ਇਸ ਤੋਂ ਇਲਾਵਾ ਉਹ ਹੋਰ ਕੁੱਝ ਨਹੀਂ ਬੋਲਿਆ।


Share