-ਡਾ. ਓਬਰਾਏ ਦੀਆਂ ਆਸਾਂ ‘ਤੇ ਪੂਰਾ ਉਤਰਨ ਲਈ ਹਰ ਸੰਭਵ ਯਤਨ ਕਰਾਂਗਾ :ਹੇਰ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਮੇਲ)- ਆਪਣੇ ਮਿਸਾਲੀ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਨਿਵੇਕਲੀ ਪਛਾਣ ਰੱਖਣ ਵਾਲੇ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਸੁਖਜਿੰਦਰ ਸਿੰਘ ਹੇਰ ਨੂੰ ਨਾਮਵਰ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਦੇ ਮਿਹਨਤੀ, ਇਮਾਨਦਾਰ ਅਤੇ ਅਣਥੱਕ ਮੈਂਬਰ ਸੁਖਜਿੰਦਰ ਸਿੰਘ ਹੇਰ (ਅੰਮ੍ਰਿਤਸਰ) ਜੋ ਕਿ ਪਹਿਲਾਂ ਟਰੱਸਟ ਵਿਚ ਬਤੌਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਅਤੇ ਮਾਝਾ ਜੋਨ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ, ਹੁਣ ਉਨ੍ਹਾਂ ਦੀ ਟਰੱਸਟ ਦੇ ਸੇਵਾ ਕਾਰਜਾਂ ਪ੍ਰਤੀ ਲਗਨ ਅਤੇ ਦ੍ਰਿੜ੍ਹਤਾ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੂਬਾ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸੁਖਜਿੰਦਰ ਸਿੰਘ ਹੇਰ ਆਪਣੀ ਇਹ ਜ਼ਿੰਮੇਵਾਰੀ ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਨਿਭਾਉਣਗੇ।
ਡਾ. ਓਬਰਾਏ ਦੇ ਆਦੇਸ਼ਾਂ ਨੂੰ ਅਮਲੀ ਰੂਪ ਦਿੰਦਿਆਂ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਜਗਦੇਵ ਸਿੰਘ ਛੀਨਾ, ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ, ਅਮਰਜੀਤ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਕੰਬੋਜ ਨੇ ਸੁਖਜਿੰਦਰ ਸਿੰਘ ਹੇਰ ਨੂੰ ਡਾ. ਓਬਰਾਏ ਵੱਲੋਂ ਭੇਜੇ ਸਨਮਾਨ ਚਿੰਨ ਸੌਂਪੇ। ਇਸ ਮੌਕੇ ‘ਤੇ ਸੁਖਜਿੰਦਰ ਹੇਰ ਨੇ ਡਾ. ਓਬਰਾਏ ਵੱਲੋਂ ਸੌਂਪੀ ਜ਼ਿੰਮੇਵਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਡਾ. ਓਬਰਾਏ, ਟਰੱਸਟ ਦੇ ਮੈਂਬਰਾਂ ਤੇ ਲੋੜਵੰਦਾਂ ਦੀਆਂ ਆਸਾਂ ‘ਤੇ ਪੂਰਾ ਉਤਰਨ ਦਾ ਹਰ ਸੰਭਵ ਯਤਨ ਕਰਨਗੇ।