ਮੈਂ ਲਹੂ ਦਾ ਰੰਗ ਲਾਲ ਵੇਖਦਾ ਹਾਂ ਨਾ ਕਿ ਜਾਤ,ਧਰਮ,ਰੰਗ ਜਾਂ ਨਸਲ : ਡਾ. ਉਬਰਾਏ
ਅੰਮ੍ਰਿਤਸਰ, 3 ਫ਼ਰਵਰੀ (ਪੰਜਾਬ ਮੇਲ)- ਧਰਮਾਂ, ਜਾਤਾਂ ਤੇ ਦੇਸ਼ਾਂ ਦੇ ਵਖਰੇਵਿਆਂ ਨੂੰ ਪਾਸੇ ਰੱਖ ਆਪਣੇ ‘ਸਰਬੱਤ ਦਾ ਭਲਾ’ ਸੰਕਲਪ ‘ਤੇ ਪਹਿਰਾ ਦੇਣ ਵਾਲੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਉਬਰਾਏ ਨੇ ਹੁਣ ਜਲੰਧਰ ਸ਼ਹਿਰ ਨਾਲ ਸਬੰਧਿਤ ਇੱਕ ਨੌਜਵਾਨ ਦੇ ਕਤਲ ਕੇਸ ਵਿਚ ਸਜ਼ਾ ਯਾਫ਼ਤਾ 6 ਪਾਕਿਸਤਾਨੀ ਨੌਜਵਾਨਾਂ ਨੂੰ ਬਚਾਅ ਕੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਮਾਂਤਰੀ ਪੱਧਰ ‘ਤੇ ਆਪਣੇ ਮਿਸਾਲੀ ਸੇਵਾ ਕਾਰਜਾਂ ਕਾਰਨ ਜਾਣੇ ਜਾਂਦੇ ਡਾ. ਐੱਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ 22 ਮਈ 2019 ਨੂੰ ਜਲੰਧਰ ਸ਼ਹਿਰ ਦੀ ਬਸਤੀ ਬਾਵਾ ਖੇਲ ਨਾਲ ਸਬੰਧਿਤ ਕੁਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦਾ ਸ਼ਾਰਜਾਹ (ਦੁਬਈ) ਵਿਚ ਕਤਲ ਹੋ ਗਿਆ ਸੀ ਅਤੇ ਇਸ ਕਤਲ ਤਹਿਤ ਪਾਕਿਸਤਾਨ ਦੇ 6 ਨੌਜਵਾਨ ਜਿਨ੍ਹਾਂ ‘ਚ ਅਲੀ ਹੁਸਨ, ਮੁਹੰਮਦ ਸ਼ਾਕੀਰ, ਅਫ਼ਤਾਬ ਗੁਲਾਮ, ਮੁਹੰਮਦ ਕਾਮਰਨ, ਮੁਹੰਮਦ ਓਮੀਰ ਵਾਹਿਦ, ਸਈਦ ਹਸਨ ਸ਼ਾਹ ਸ਼ਾਮਲ ਸਨ, ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਉਕਤ ਪਾਕਿਸਤਾਨੀ ਨੌਜਵਾਨਾਂ ਦੇ ਪਰਿਵਾਰਾਂ ਨੇ ਸੰਪਰਕ ਕਰਕੇ ਕਤਲ ਹੋਏ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਖਾੜੀ ਮੁਲਕਾਂ ਦੇ ਕਾਨੂੰਨ ਮੁਤਾਬਿਕ ਬਲੱਡ ਮਨੀ ਲੈ ਕੇ ਉਨ੍ਹਾਂ ਦੇ ਬੱਚਿਆਂ ਦੀ ਜਾਨ ਬਖਸ਼ਾਉਣ ਲਈ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਦ ਕੁਲਦੀਪ ਦੇ ਪਰਿਵਾਰ ਨੂੰ ਲੱਭ ਕੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ, ਤਾਂ ਪਤਾ ਲੱਗਾ ਕਿ ਕੁਲਦੀਪ ਦੀ ਪਤਨੀ ਕਿਰਨਦੀਪ ਕੌਰ ਆਪਣੇ ਬੇਟੇ ਸਮੇਤ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਚਲੀ ਗਈ ਹੈ ਅਤੇ ਹੁਣ ਉਨ੍ਹਾਂ ਦਾ ਆਪਸੀ ਕੋਈ ਸਬੰਧ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਦੋਵਾਂ ਪਰਿਵਾਰਾਂ ਨੂੰ ਬਹੁਤ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਮਨ ਹੋਣ ਦੇ ਬਾਵਜੂਦ ਵੀ ਉਹ ਆਪਸੀ ਮਤਭੇਦਾਂ ਕਾਰਨ ਇਸ ਸਬੰਧੀ ਕੋਈ ਵੀ ਫੈਸਲਾ ਨਹੀਂ ਲੈ ਸਕੇ।
ਉਨ੍ਹਾਂ ਦੱਸਿਆ ਕਿ ਖਾੜੀ ਦੇਸ਼ਾਂ ਅੰਦਰ ਕੁਝ ਕੇਸਾਂ ਲਈ ਬੇਸ਼ੱਕ ਕਤਲ ਹੋਏ ਵਿਅਕਤੀ ਦਾ ਪਰਿਵਾਰ ਸਹਿਮਤ ਨਾ ਹੋਵੇ ਪਰ ਜੇਕਰ ਬਣਦੇ ਪੈਸੇ ਕੋਰਟ ਵਿਚ ਜਮ੍ਹਾਂ ਕਰਵਾ ਦਿੱਤੇ ਜਾਣ, ਤਾਂ ਦੋਸ਼ੀ ਪਾਏ ਜਾਣ ਵਾਲੇ ਦੀ ਸਜ਼ਾ ਮੁਆਫ਼ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੇਸਾਂ ਵਿਚ ਕੋਰਟ ਵਿਚ ਜਮ੍ਹਾਂ ਕਰਵਾਇਆ ਗਿਆ ਪੈਸਾ ਪੀੜਤ ਪਰਿਵਾਰ ਜਦੋਂ ਮਰਜ਼ੀ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਵੀ ਉਕਤ 6 ਪਾਕਿਸਤਾਨੀ ਨੌਜਵਾਨਾਂ ਨੂੰ ਬਚਾਉਣ ਲਈ ਉਨ੍ਹਾਂ ਆਪਣੇ ਵਕੀਲਾਂ ਰਾਹੀਂ ਉਕਤ ਕੇਸ ਲੜ ਕੇ ਬਲੱਡ ਮਨੀ ਦੇ ਬਣਦੇ 2 ਲੱਖ 10 ਹਜ਼ਾਰ ਦਰਾਮ (ਕਰੀਬ 48 ਲੱਖ ਭਾਰਤੀ ਰੁਪਏ) ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਜਿਸ ਉਪਰੰਤ ਅਦਾਲਤ ਨੇ ਸਾਰੇ 6 ਪਾਕਿਸਤਾਨੀ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰਕੇ ਜੇਲ੍ਹ ਵਿਭਾਗ ਨੂੰ ਰਿਹਾਈ ਦੇ ਕਾਗਜ਼ਾਤ ਭੇਜ ਦਿੱਤੇ ਹਨ ਅਤੇ ਕੁਝ ਹੀ ਦਿਨਾਂ ‘ਚ ਇਹ ਨੌਜਵਾਨ ਸਹੀ ਸਲਾਮਤ ਆਪਣੇ ਘਰਾਂ ਨੂੰ ਪਰਤ ਜਾਣਗੇ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਾਰਾ ਕੇਸ ਉਨ੍ਹਾਂ ਵੱਲੋਂ ਲੜਿਆ ਗਿਆ ਹੈ ਪਰ ਕੋਰਟ ਵਿਚ ਜਮ੍ਹਾਂ ਹੋਈ ਸਾਰੀ ਰਕਮ ਸਜ਼ਾ ਯਾਫਤਾ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਮੁਤਾਬਿਕ ਪਾਕਿਸਤਾਨੀ ਨਾਗਰਿਕ ਸ਼ਬੀਰ ਅਹਿਮਦ ਮਨਜ਼ੂਰ ਜੋ ਉਕਤ ਨੌਜਵਾਨਾਂ ਵਿਚੋਂ ਅਲੀ ਹੁਸਨ ਦਾ ਪਿਤਾ ਹੈ, ਨੇ ਵੀ ਇਸ ਕੇਸ ਨੂੰ ਸਿਰੇ ਚੜ੍ਹਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਸਬੰਧਿਤ ਪੀੜਤ ਪਰਿਵਾਰ ਦੀ ਆਪਸੀ ਸਹਿਮਤੀ ਹੋ ਜਾਂਦੀ ਹੈ, ਤਾਂ ਉਹ ਕੋਰਟ ‘ਚ ਜਮ੍ਹਾਂ ਹੋਈ ਰਕਮ ਦਵਾਉਣ ਵਿਚ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸੰਬੰਧਿਤ ਪਰਿਵਾਰ ਇਹ ਪੈਸਾ ਲੈਣ ਲਈ ਸਹਿਮਤ ਹੋ ਜਾਂਦਾ ਹੈ, ਤਾਂ ਸ਼ਰੀਅਤ ਕਾਨੂੰਨ ਮੁਤਾਬਿਕ ਕੋਰਟ ਵਿਚ ਜਮ੍ਹਾਂ ਹੋਈ ਰਕਮ ਮ੍ਰਿਤਕ ਕੁਲਦੀਪ ਦੇ ਪਿਤਾ ਰਜਿੰਦਰ ਸਿੰਘ, ਮਾਤਾ ਜਸਵਿੰਦਰ ਕੌਰ, ਪਤਨੀ ਕਿਰਨਦੀਪ ਕੌਰ, ਸਪੁੱਤਰ ਪ੍ਰਭਦੀਪ ਸਿੰਘ ਅਤੇ ਭਰਾ ਲਖਵੀਰ ਸਿੰਘ ਵਿਚ ਬਰਾਬਰ-ਬਰਾਬਰ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਅਜਿਹੇ 6-7 ਪਰਿਵਾਰਾਂ, ਜਿਨ੍ਹਾਂ ਦੀ ਫ਼ੈਸਲੇ ਉਪਰੰਤ ਆਪਸੀ ਸਹਿਮਤੀ ਹੋ ਗਈ ਸੀ, ਨੂੰ ਕੋਰਟ ‘ਚ ਜਮਾਂ ਹੋਣ ਵਾਲੀ ਬਲੱਡ ਮਨੀ ਦਵਾ ਚੁੱਕੇ ਹਨ।
ਡਾ. ਉਬਰਾਏ ਨੇ ਇੱਕ ਵਾਰ ਮੁੜ ਸਪੱਸ਼ਟ ਕੀਤਾ ਕਿ ਉਹ ਸਭ ਤੋਂ ਪਹਿਲਾਂ ਲਹੂ ਦਾ ਰੰਗ ਲਾਲ ਵੇਖਦੇ ਹਨ, ਨਾ ਕਿ ਕੋਈ ਜਾਤ, ਧਰਮ, ਰੰਗ ਜਾਂ ਨਸਲ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਮਿੱਥ ਕੇ ਕਤਲ ਕਰਨ ਵਾਲੇ ਦੋਸ਼ੀਆਂ, ਨਸ਼ਿਆਂ ਦਾ ਕੰਮ ਕਰਨ ਵਾਲੇ ਅਤੇ ਬਲਾਤਕਾਰੀਆਂ ਦੀ ਮਦਦ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਡਾ. ਐੱਸ.ਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਹੁਣ ਤੱਕ 135 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲ ਚੁੱਕੀ ਹੈ।