#AMERICA

ਡਲਾਸ ‘ਚ ਕਸਟਮ ਇਨਫੋਰਸਮੈਂਟ ਕੇਂਦਰ ‘ਤੇ ਗੋਲੀਬਾਰੀ ਵਿਚ 1 ਕੈਦੀ ਦੀ ਮੌਤ; 2 ਜ਼ਖਮੀ

ਸੈਕਰਾਮੈਂਟੋ, 27 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਲਾਸ, ਟੈਕਸਾਸ ਵਿਚ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਕੇਂਦਰ ਉਪਰ ਇੱਕ ਸ਼ੂਟਰ ਵੱਲੋਂ ਕੀਤੀ ਗੋਲੀਬਾਰੀ ਵਿਚ ਇੱਕ ਕੈਦੀ ਦੀ ਮੌਤ ਹੋਣ ਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ੂਟਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗਿਣ-ਮਿੱਥ ਕੇ ਕੀਤੀ ਗਈ ਗੋਲੀਬਾਰੀ ਵਜੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੂਟਰ ਨੇ ਨਾਲ ਲੱਗਦੀ ਇਮਾਰਤ ਦੀ ਛੱਤ ਉਪਰੋਂ ਗੋਲੀਬਾਰੀ ਕੀਤੀ। ਐੱਫ.ਬੀ.ਆਈ. ਦੇ ਮੁਖੀ ਕਾਸ਼ ਪਟੇਲ ਨੇ ਕਿਹਾ ਹੈ ਕਿ ਮੌਕੇ ਉਪਰੋਂ ਇਸ ਕਿਸਮ ਦਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਘਟਨਾ ਦਾ ਸਬੰਧ ਨਸਲੀ ਨਫਰਤੀ ਅਪਰਾਧ ਨਾਲ ਜੁੜਦਾ ਹੋਵੇ। ਮੀਡੀਆ ਰਿਪੋਰਟ ਅਨੁਸਾਰ ਸ਼ੂਟਰ ਦੀ ਪਛਾਣ 29 ਸਾਲਾ ਜੋਸ਼ੂਆ ਜਾਹਨ ਵਜੋਂ ਹੋਈ ਹੈ, ਹਾਲਾਂਕਿ ਅਧਿਕਾਰੀਆਂ ਨੇ ਸ਼ੱਕੀ ਦੇ ਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ।