#OTHERS

ਡਰੱਗ ਸਰਗਨੇ ਅਲ ਮੈਂਚੋ ਦੀ ਹੱਤਿਆ ਮਗਰੋਂ ਮੈਕਸੀਕੋ ‘ਚ ਭੜਕੀ ਹਿੰਸਾ

– ਕਈ ਰਾਜਾਂ ‘ਚ ਸਕੂਲ ਬੰਦ; ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਚਿਤਾਵਨੀ
– ਭਾਰਤੀ ਸਫ਼ਾਰਤਖਾਨੇ ਵੱਲੋਂ ਵੀ ਐਡਵਾਈਜ਼ਰੀ ਜਾਰੀ
ਗੁਆਡਾਲਾਜਾਰਾ (ਮੈਕਸਿਕੋ), 25 ਫਰਵਰੀ (ਪੰਜਾਬ ਮੇਲ)- ਫੌਜ ਵੱਲੋਂ ਡਰੱਗ ਮਾਫ਼ੀਆ ਜਾਲਿਸਕੋ ਨਿਊ ਜੈਨਰੇਸ਼ਨ ਕਾਰਟੇਲ ਦੇ ਸਰਗਨੇ ਨੀਮੈਸੀਓ ਰੁਬਨ ਓਸੇਗੁਏਰਾ ਸਰਵੈਂਟਸ ਉਰਫ਼ ਅਲ ਮੈਂਚੋ ਦੀ ਹੱਤਿਆ ਮਗਰੋਂ ਮੈਕਸਿਕੋ ਵਿਚ ਹਿੰਸਾ ਭੜਕ ਗਈ। ਮੈਕਸਿਕੋ ਦੇ ਕਈ ਰਾਜਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਮੁਕਾਮੀ ਸਰਕਾਰ ਅਤੇ ਹੋਰਨਾਂ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਘਰਾਂ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਅਲ ਮੈਂਚੋ ਮੈਕਸਿਕੋ ਵਿਚ ਤੇਜ਼ੀ ਨਾਲ ਵਧਦੇ ਅਪਰਾਧਿਕ ਨੈੱਟਵਰਕਾਂ ਦਾ ਸਰਗਨਾ ਸੀ। ਉਹ ਅਮਰੀਕਾ ਨੂੰ ਫੈਂਟਾਨਿਲ, ਮੈਥਾਮਫੇਟਾਮਾਈਨ ਅਤੇ ਕੋਕੀਨ ਦੀ ਤਸਕਰੀ ਵਿਚ ਸ਼ਾਮਲ ਸੀ। ਉਹ ਫੌਜ ਵੱਲੋਂ ਉਸ ਨੂੰ ਕਾਬੂ ਕੀਤੇ ਜਾਣ ਦੀ ਕੋਸ਼ਿਸ਼ ਦੌਰਾਨ ਆਪਣੇ ਗ੍ਰਹਿ ਰਾਜ ਜਾਲਿਸਕੋ ਵਿਚ ਸ਼ੂਟਆਊਟ ਦੌਰਾਨ ਮਾਰਿਆ ਗਿਆ। ਜਵਾਬ ਵਿਚ ਡਰੱਗ ਮਾਫੀਆ ਦੇ ਮੈਂਬਰਾਂ ਨੇ ਪੂਰੇ ਦੇਸ਼ ਵਿਚ ਹਿੰਸਾ ਕੀਤੀ, ਸੜਕਾਂ ਜਾਮ ਕੀਤੀਆਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ। ਰਾਸ਼ਟਰਪਤੀ ਕਲਾਊਡੀਆ ਸ਼ੀਨਬਾਮ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਅਥਾਰਿਟੀਜ਼ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ 20 ਰਾਜਾਂ ਵਿਚ ਮਾਫੀਏ ਵੱਲੋਂ ਬੰਦ ਕੀਤੀਆਂ ਸੜਕਾਂ ਖੋਲ੍ਹ ਦਿੱਤੀਆਂ ਹਨ।
ਇਸ ਦੌਰਾਨ ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਅਲ ਮੈਂਚੋ ਬਾਰੇ ਖੁਫੀਆ ਜਾਣਕਾਰੀ ਅਮਰੀਕਾ ਨੇ ਮੁਹੱਈਆ ਕੀਤੀ ਸੀ। ਮੈਕਸਿਕੋ ਨੇ ਆਸ ਜਤਾਈ ਕਿ ਡਰੱਗ ਸਰਗਨੇ ਦੀ ਮੌਤ ਨਾਲ ਟਰੰਪ ਪ੍ਰਸ਼ਾਸਨ ਵੱਲੋਂ ਮੈਕਸਿਕੋ ‘ਤੇ ਬਣਾਇਆ ਦਬਾਅ ਘਟੇਗਾ। ਟਰੰਪ ਪ੍ਰਸ਼ਾਸਨ ਨੇ ਫਰਵਰੀ 2025 ਵਿਚ ਜੈਲਿਸਕੋ ਕਾਰਟੇਲ ਨੂੰ ਵਿਦੇਸ਼ੀ ਦਹਿਸ਼ਤੀ ਜਥੇਬੰਦੀ ਮਨੋਨੀਤ ਕੀਤਾ ਸੀ।
ਮੈਕਸਿਕੋ ਵਿਚ ਭਾਰਤੀ ਦੂਤਾਵਾਸ ਨੇ ਮੁਲਕ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਚੌਕਸ ਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਮੈਕਸਿਕੋ ‘ਚ ਭਾਰਤੀ ਸਫ਼ਾਰਤਖਾਨੇ ਨੇ ਐਕਸ ‘ਤੇ ਪੋਸਟ ‘ਚ ਕਿਹਾ, ”ਮੈਕਸਿਕੋ ਵਿਚ ਜਾਰੀ ਸੁਰੱਖਿਆ ਕਾਰਵਾਈਆਂ, ਬੰਦ ਸੜਕਾਂ ਅਤੇ ਅਪਰਾਧਿਕ ਸਰਗਰਮੀਆਂ ਦੇ ਮੱਦੇਨਜ਼ਰ ਮੈਕਸਿਕੋ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਗਲੇ ਹੁਕਮਾਂ ਤਹਿਤ ਆਪੋ-ਆਪਣੇ ਟਿਕਾਣਿਆਂ ‘ਤੇ ਸੁਰੱਖਿਅਤ ਰਹਿਣ।”