SIT ਨੇ ਸੰਮਨ ਜਾਰੀ ਕਰਦੇ ਹੋਏ ਮਜੀਠੀਆ ਨੂੰ 16 ਜਨਵਰੀ ਨੂੰ ਡੀਆਈਜੀ ਪਟਿਆਲਾ ਰੇਂਜ ਦੇ ਦਫ਼ਤਰ ਬੁਲਾਇਆ ਹੈ। ਦੱਸਣਯੋਗ ਹੈ ਕਿ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਰਿਟਾਇਰਡ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਸਿੱਟ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਪੇਸ਼ ਹੋਣਗੇ। ਇਸ ਸਿੱਟ ਦੇ ਚੇਅਰਮੈਨ ਡੀਆਈਜੀ ਹਰਚਨ ਸਿੰਘ ਭੁੱਲਰ ਹਨ।
ਜ਼ਿਕਰਯੋਗ ਹੈ ਕਿ ਪੁਲਸ ਨੇ 20 ਦਸੰਬਰ 2021 ਨੂੰ ਮਜੀਠੀਆ ਦੇ ਖ਼ਿਲਾਫ਼ ਡਰੱਗ ਦਾ ਮਾਮਲਾ ਦਰਜ ਕੀਤਾ ਸੀ ਪਰ ਅਦਾਲਤਾਂ ਵਲੋਂ ਉਸ ਦੀ ਗ੍ਰਿਫ਼ਤਾਰੀ ਦੋ ਮਹੀਨਿਆਂ ਲਈ ਟਾਲ ਦਿਤੀ ਗਈ ਸੀ। 5 ਮਹੀਨੇ ਜੇਲ੍ਹ ਵਿਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਦੱਸ ਦੇਈਏ ਕਿ ਡਰੱਗ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਤਿੰਨ ਵਾਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਬਿਕਰਮ ਮਜੀਠੀਆਂ ਐੱਸਆਈਟੀ ਸਾਹਮਣੇ ਪੇਸ਼ ਹੋਏ ਸਨ ਅਤੇ ਕਰੀਬ 5 ਘੰਟੇ ਪੁੱਛਗਿਛ ਕੀਤੀ ਗਈ ਸੀ।