ਸੈਕਰਾਮੈਂਟੋ, 21 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਮਫਰਾਈਸ ਵਿਚ ਪਟੇ ‘ਤੇ ਲਏ ਮੋਟਲ ਵਿਚ ਡਰੱਗ ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਵਿਚ ਭਾਰਤੀ ਪਤੀ-ਪਤਨੀ ਸਮੇਤ 5 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਉਹ ਅਲੈਗਜੰਡਰੀਆ, ਵਰਜੀਨੀਆ ਦੀ ਇੱਕ ਸੰਘੀ ਅਦਾਲਤ ਵਿਚ ਪੇਸ਼ ਹੋਏ। ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਦੇ ਅਟਾਰਨੀ ਦਫਤਰ ਅਨੁਸਾਰ ਅਦਾਲਤ ਵਿਚ ਦਾਇਰ ਦੋਸ਼ਾਂ ਅਨੁਸਾਰ ਕੋਸ਼ਾ ਸ਼ਰਮਾ (52) ਤੇ ਉਸ ਦੇ ਪਤੀ ਤਰੁਨ ਸ਼ਰਮਾ (55) ਨੇ ਮਈ 2023 ‘ਚ ਆਪਣੀ ਕੰਪਨੀ ਕੋਸ਼ਾ ਐੱਲ.ਐੱਲ.ਸੀ. ਰਾਹੀਂ ਪਟੇ ‘ਤੇ ਇਕ ਮੋਟਲ ਲਿਆ ਸੀ। ਇਸਤਗਾਸਾ ਪੱਖ ਅਨੁਸਾਰ ਮੋਟਲ ਦੀ ਤੀਸਰੀ ਮੰਜ਼ਿਲ ‘ਤੇ ਡਰੱਗ ਤੇ ਦੇਹ ਵਪਾਰ ਦਾ ਧੰਦਾ ਹੁੰਦਾ ਸੀ। ਜਾਂਚਕਾਰਾਂ ਅਨੁਸਾਰ ਕਥਿਤ ਤੌਰ ‘ਤੇ ਵੇਚੇ ਜਾਂਦੇ ਨਸ਼ੀਲੇ ਪਦਾਰਥਾਂ ਵਿਚ ਫੈਂਟਾਨਾਇਲ ਤੇ ਕੋਕੀਨ ਸ਼ਾਮਲ ਹਨ। ਇਸ ਮਾਮਲੇ ਵਿਚ ਪਤੀ-ਪਤਨੀ ਤੋਂ ਇਲਾਵਾ ਤੀਸਰੇ ਦੋਸ਼ੀ 51 ਸਾਲਾ ਮਾਰਗੋ ਵਾਲਡਨ ਪੀਅਰਸ ਤੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਸ਼ੀਲੇ ਪਦਾਰਥਾਂ ਸਬੰਧੀ ਲਾਏ ਦੋਸ਼ਾਂ ਤਹਿਤ 10 ਸਾਲ ਤੱਕ ਸਜ਼ਾ ਦੀ ਵਿਵਸਥਾ ਹੈ, ਜੋ ਸਜ਼ਾ ਸੰਘੀ ਅਦਾਲਤ ਦੁਆਰਾ ਤੈਅ ਕੀਤੀ ਜਾਣੀ ਹੈ।
ਡਰੱਗ ਤੇ ਦੇਹ ਵਪਾਰ ਦਾ ਧੰਦਾ ਕਰਨ ਦੇ ਮਾਮਲੇ ਵਿਚ ਭਾਰਤੀ ਪਤੀ-ਪਤਨੀ ਸਮੇਤ 5 ਵਿਰੁੱਧ ਦੋਸ਼ ਆਇਦ

