ਯੂ.ਐੱਨ. ਟੀਮ ਵੱਲੋਂ ਹਸਪਤਾਲ ਦਾ ਦੌਰਾ
ਤਲ ਅਵੀਵ/ਖਾਨ ਯੂਨਿਸ(ਗਾਜ਼ਾ ਪੱਟੀ), 21 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਟੀਮ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫਾ ਨੂੰ ‘ਡੈੱਥ ਜ਼ੋਨ’ ਐਲਾਨ ਦਿੱਤਾ ਹੈ। ਇਜ਼ਰਾਇਲੀ ਫੌਜਾਂ ਵੱਲੋਂ ਕਥਿਤ ਬੰਦੂਕ ਦੀ ਨੋਕ ‘ਤੇ ਹਸਪਤਾਲ ਖਾਲੀ ਕਰਵਾਏ ਜਾਣ ਮਗਰੋਂ ਯੂ.ਐੱਨ. ਟੀਮ ਨੇ ਹਸਪਤਾਲ ਦਾ ਦੌਰਾ ਕੀਤਾ ਸੀ। ਟੀਮ ਮੁਤਾਬਕ ਹਸਪਤਾਲ ਵਿਚ 291 ਮਰੀਜ਼ ਬਚੇ ਹਨ, ਜਿਨ੍ਹਾਂ ਵਿਚ 32 ਨਵਜੰਮੇ ਬੱਚੇ ਤੇ ਟਰੌਮਾ ਮਰੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਟੀਮ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈਆਂ ਦੇ ਜ਼ਖ਼ਮ ਨਾਸੂਰ ਬਣ ਚੁੱਕੇ ਹਨ, ਜਦੋਂਕਿ ਕੁਝ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਕਰਕੇ ਤੁਰਨ ਫਿਰਨ ਤੋਂ ਵੀ ਅਸਮਰੱਥ ਹਨ। ਇਸ ਦੌਰਾਨ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਏ 31 ਨਵਜੰਮਿਆਂ ਨੂੰ ਹਸਪਤਾਲ ‘ਚੋਂ ਕੱਢ ਕੇ ਦੱਖਣੀ ਹਿੱਸੇ ‘ਚ ਤਬਦੀਲ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਜਲਦੀ ਹੀ ਮਿਸਰ ਦੇ ਹਸਪਤਾਲਾਂ ਵਿਚ ਭੇਜ ਦਿੱਤਾ ਜਾਵੇਗਾ। ਉਧਰ ਨੇਤਨਯਾਹੂ ਸਰਕਾਰ ਨੇ ਜੰਗ ਦੇ ਖਾਤਮੇ ਮਗਰੋਂ ਗਾਜ਼ਾ ਪੱਟੀ ਦਾ ਕੰਟਰੋਲ ਫਲਸਤੀਨੀ ਅਥਾਰਿਟੀ ਹੱਥ ਦੇਣ ਦੇ ਅਮਰੀਕੀ ਸੁਝਾਅ ਨੂੰ ਖਾਰਜ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਜ਼ਰਾਇਲੀ ਸਰਕਾਰ ਦਾ ਤਰਕ ਹੈ ਕਿ ਦਹਿਸ਼ਤੀ ਸਮੂਹ (ਹਮਾਸ) ਦਾ ਫਲਸਤੀਨੀ ਅਥਾਰਿਟੀ ਦੇ ਸੀਨੀਅਰ ਆਗੂਆਂ ਦੀ ਹੱਤਿਆ ਕਰਕੇ ਗਾਜ਼ਾ ਪੱਟੀ ਦੀ ਸੱਤਾ ‘ਤੇ ਕਬਜ਼ਾ ਕਰ ਲੈਣ ਦਾ ਇਤਿਹਾਸ ਰਿਹਾ ਹੈ। ਇਜ਼ਰਾਇਲੀ ਸੁਰੱਖਿਆ ਏਜੰਸੀ ਨੇ ਵੀ ਅਮਰੀਕਾ ਦੇ ਉਪਰੋਕਤ ਸੁਝਾਅ ਦਾ ਵਿਰੋਧ ਕੀਤਾ ਹੈ। ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ਵਿਚ ਆਪਣਾ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ ਤੇ ਹਮਾਸ ਕੋਲ ਹੁਣ ਇੱਕਾ-ਦੁੱਕਾ ਟਿਕਾਣੇ ਹੀ ਬਚੇ ਹਨ। ਆਲਮੀ ਸਿਹਤ ਸੰਸਥਾ ਨੇ ਕਿਹਾ ਕਿ ਘਰੋਂ ਬੇਘਰ ਹੋਏ ਲੋਕਾਂ, ਮੋਬਾਈਲ ਮਰੀਜ਼ਾਂ ਤੇ ਮੈਡੀਕਲ ਸਟਾਫ਼, ਜਿਨ੍ਹਾਂ ਦੀ ਕੁੱਲ ਗਿਣਤੀ 2500 ਦੇ ਕਰੀਬ ਬਣਦੀ ਸੀ, ਦੇ ਸ਼ਿਫਾ ਹਸਪਤਾਲ ਛੱਡਣ ਮਗਰੋਂ ਯੂ.ਐੱਨ. ਟੀਮ ਨੂੰ ਹਸਪਤਾਲ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਸੀ। ਟੀਮ ਉਥੇ ਇਕ ਘੰਟੇ ਦੇ ਕਰੀਬ ਰੁਕੀ। ਟੀਮ ਮੁਤਾਬਕ ਮਰੀਜ਼ਾਂ ਨਾਲ 25 ਬੰਦਿਆਂ ਦਾ ਮੈਡੀਕਲ ਸਟਾਫ਼ ਮੌਜੂਦ ਸੀ। ਯੂ.ਐੱਨ. ਏਜੰਸੀ ਨੇ ਕਿਹਾ, ”ਅਸੀਂ ਜਿਨ੍ਹਾਂ ਮਰੀਜ਼ਾਂ ਤੇ ਮੈਡੀਕਲ ਸਟਾਫ਼ ਨਾਲ ਗੱਲ ਕੀਤੀ, ਉਹ ਆਪਣੀ ਸੁਰੱਖਿਆ ਤੇ ਸਿਹਤ ਨੂੰ ਲੈ ਕੇ ਡਰੇ ਹੋਏ ਹਨ… ਉਹ ਉਥੋਂ ਤਬਦੀਲ ਕੀਤੇ ਜਾਣ ਲਈ ਤਰਲੇ ਕੱਢ ਰਹੇ ਹਨ।” ਏਜੰਸੀ ਨੇ ਕਿਹਾ ਹਸਪਤਾਲ ‘ਡੈੱਥ ਜ਼ੋਨ’ ਬਣ ਚੁੱਕਾ ਹੈ। ਏਜੰਸੀ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਰ ਟੀਮਾਂ ਸ਼ਿਫਾ ਪੁੱਜ ਜਾਣਗੀਆਂ ਤੇ ਮਰੀਜ਼ਾਂ ਨੂੰ ਦੱਖਣੀ ਗਾਜ਼ਾ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਜ਼ਰਾਈਲ ਲੰਮੇ ਸਮੇਂ ਤੋਂ ਦਾਅਵਾ ਕਰਦਾ ਆਇਆ ਹੈ ਕਿ ਹਮਾਸ ਵੱਲੋਂ ਸ਼ਿਫਾ ਹਸਪਤਾਲ ਦੇ ਅੰਦਰ ਤੇ ਹੇਠਾਂ ਕਮਾਂਡ ਪੋਸਟ ਸਥਾਪਿਤ ਕੀਤਾ ਗਿਆ ਹੈ। ਇਹੀ ਵਜ੍ਹਾ ਹੈ ਕਿ ਇਜ਼ਰਾਈਲ ਨੇ ਜੰਗ ਦੌਰਾਨ ਸ਼ਿਫ਼ਾ ਹਸਪਤਾਲ ਨੂੰ ਆਪਣੇ ਮੁੱਖ ਨਿਸ਼ਾਨੇ ‘ਤੇ ਰੱਖਿਆ। ਹਮਾਸ ਤੇ ਹਸਪਤਾਲ ਸਟਾਫ਼ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰੀ ਹਨ। ਇਜ਼ਰਾਈਲ ਨੇ ਸ਼ਨਿੱਚਰਵਾਰ ਨੂੰ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਿਫਾ ਹਸਪਤਾਲ ‘ਚੋਂ ਹਿਜਰਤ ਨੂੰ ਲੋਕਾਂ ਦੀ ਇੱਛਾ ਵਜੋਂ ਪੇਸ਼ ਕੀਤਾ ਸੀ ਪਰ ਆਲਮੀ ਸਿਹਤ ਸੰਸਥਾ ਨੇ ਕਿਹਾ ਕਿ ਫੌਜ ਨੇ ਹਸਪਤਾਲ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਇਜ਼ਰਾਈਲ ਵੱਲੋਂ ਭੀੜ-ਭੜੱਕੇ ਵਾਲੇ ਯੂ.ਐੱਨ. ਰੈਣ ਬਸੇਰੇ (ਸ਼ਹਿਰੀ ਜਬਾਲੀਆ ਸ਼ਰਨਾਰਥੀ ਕੈਂਪ) ‘ਤੇ ਕੀਤੇ ਹਵਾਈ ਹਮਲੇ ਵਿਚ ਦਰਜਨਾਂ ਲੋਕ ਹਲਾਕ ਹੋ ਗਏ। ਬੁਰਜ ਤੇ ਨੁਸਰਤ ਸ਼ਰਨਾਰਥੀ ਕੈਂਪਾਂ ‘ਤੇ ਹਵਾਈ ਹਮਲਿਆਂ ਵਿਚ 31 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿਚ ਦੋ ਸਥਾਨਕ ਪੱਤਰਕਾਰ ਵੀ ਸ਼ਾਮਲ ਹਨ।
ਫਲਸਤੀਨ ਸਿਹਤ ਅਥਾਰਿਟੀਜ਼ ਮੁਤਾਬਕ ਹੋਣ ਤੱਕ 11,500 ਤੋਂ ਵੱਧ ਫਲਸਤੀਨੀ ਮੌਤ ਦੇ ਮੂੰਹ ਪੈ ਚੁੱਕੇ ਹਨ, ਜਦੋਂਕਿ 2700 ਦੇ ਕਰੀਬ ਲਾਪਤਾ ਹਨ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਮਲਬੇ ਹੇਠ ਦਫ਼ਨ ਹਨ। ਇਜ਼ਰਾਇਲੀ ਫੌਜ ਨੇ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵਿਚਲੇ ਰਾਫ਼ਾਹ ਸ਼ਹਿਰ ਵਿਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੁਝ ਸਮੇਂ ਲਈ ਆਪਣੀਆਂ ਸਰਗਰਮੀਆਂ ਰੋਕੀ ਰੱਖੀਆਂ। ਰਾਫਾਹ ਸਰਹੱਦ ਗਾਜ਼ਾ ਦੇ ਅੰਦਰ-ਬਾਹਰ ਜਾਣ ਲਈ ਇਕੋ ਇਕ ਲਾਂਘਾ ਹੈ, ਜਿਸ ‘ਤੇ ਇਜ਼ਰਾਈਲ ਦਾ ਕੰਟਰੋਲ ਨਹੀਂ ਹੈ। ਇਕ ਸਮਝੌਤੇ ਤਹਿਤ ਵਿਦੇਸ਼ੀ ਪਾਸਪੋਰਟ ਧਾਰਕਾਂ ਤੇ ਗੰਭੀਰ ਜ਼ਖ਼ਮੀ ਆਮ ਨਾਗਰਿਕਾਂ ਨੂੰ ਰਾਫਾਹ ਰਸਤੇ ਲੰਘਣ ਦੀ ਇਜਾਜ਼ਤ ਦਿੱਤੀ ਗਈ।