#CANADA

ਟੋਰਾਂਟੋ ਹਵਾਈ ਅੱਡੇ ਤੋਂ ਕਰੋੜਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਭਾਰਤੀ ਵਿਅਕਤੀ Arrest

ਓਟਾਵਾ, 13 ਮਈ (ਪੰਜਾਬ ਮੇਲ)- ਕੈਨੇਡਾ ਵਿਚ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਕਰੋੜਾਂ ਡਾਲਰ ਮੁੱਲ ਦਾ ਸੋਨਾ ਚੋਰੀ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ 36 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਦੇ ਇਸ ਮਾਮਲੇ ਵਿਚ ਕਰੀਬ ਇੱਕ ਮਹੀਨਾ ਪਹਿਲਾਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ 17 ਅਪ੍ਰੈਲ, 2023 ਨੂੰ ਉਸ ਕੰਟੇਨਰ ਨੂੰ ਝੂਠੀ ਕਾਗਜ਼ੀ ਕਾਰਵਾਈ ਦੀ ਵਰਤੋਂ ਕਰਕੇ ਇੱਕ ਸੁਰੱਖਿਅਤ ਸਟੋਰੇਜ ਸਹੂਲਤ ਤੋਂ ਚੋਰੀ ਕਰ ਲਿਆ ਗਿਆ ਸੀ, ਜਿਸ ਵਿਚ 2 ਕਰੋੜ 20 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੇ ਸੋਨੇ ਦੀਆਂ ਬਾਰਾਂ ਅਤੇ ਵਿਦੇਸ਼ੀ ਕਰੰਸੀ ਸੀ।
ਸੋਨਾ ਅਤੇ ਕਰੰਸੀ ਨੂੰ ਜ਼ਿਊਰਿਖ, ਸਵਿਟਜ਼ਰਲੈਂਡ ਤੋਂ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਏਅਰ ਕੈਨੇਡਾ ਦੀ ਉਡਾਣ ‘ਤੇ ਲਿਜਾਇਆ ਗਿਆ ਸੀ। ਇਸ ਤੋਂ ਤੁਰੰਤ ਬਾਅਦ ਕੰਟੇਨਰ ਨੂੰ ਹਵਾਈ ਅੱਡੇ ‘ਤੇ ਕਿਸੇ ਹੋਰ ਥਾਂ ‘ਤੇ ਲਿਜਾਇਆ ਗਿਆ ਸੀ ਪਰ ਇਕ ਦਿਨ ਬਾਅਦ ਪੁਲਿਸ ਨੂੰ ਇਸ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਅਨੁਸਾਰ ਜਾਂਚਕਰਤਾਵਾਂ ਨੇ ਭਾਰਤ ਤੋਂ ਆਏ ਅਰਚਿਤ ਗਰੋਵਰ ਨੂੰ 6 ਮਈ 2024 ਨੂੰ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਪਿਛਲੇ ਮਹੀਨੇ ਭਾਰਤੀ ਮੂਲ ਦੇ ਪਰਮਪਾਲ ਸਿੱਧੂ (54) ਅਤੇ ਅਮਿਤ ਜਲੋਟਾ (40) ਨੂੰ ਓਨਟਾਰੀਓ ਤੋਂ, ਅੰਮਾਦ ਚੌਧਰੀ (43), ਅਲੀ ਰਜ਼ਾ (37) ਅਤੇ ਪੀ ਪਰਮਲਿੰਗਮ (35) ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।