#CANADA

ਟੋਰਾਂਟੋ ਵਿਚ ਬਾਬਾ ਨਿਧਾਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

ਟੋਰਾਂਟੋ, 20 ਫਰਵਰੀ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਟੋਰਾਂਟੋ ਦੇ ਨਾਲ ਲੱਗਦੇ ਸ਼ਹਿਰ ਮਿਸੀਸਾਗਾ ਵਿਚ ਬੀਤੇ ਐਤਵਾਰ ਨੂੰ ਗੁਰਦੁਆਰਾ ਓਨਟਾਰੀਓ ਖਾਲਸਾ ਦੀਵਾਨ ਡਿਕਸੀ ਰੋਡ ਵਿਖੇ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਪ੍ਰਬੰਧ ਪਿੰਡ ਨਡਾਲੋ ਅਤੇ ਆਸ-ਪਾਸ ਦੀ ਸੰਗਤ ਵੱਲੋਂ ਕੀਤਾ ਗਿਆ ਸੀ। ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪੰਜਾਬ ਦੇ ਪਿੰਡ ਨਡਾਲੋ ਵਿਖੇ ਹੋਇਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸ੍ਰੀ ਹਜ਼ੂਰ ਸਾਹਿਬ ਜਾ ਕੇ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਸੀ, ਜੋ ਅੱਜ ਤੱਕ ਅਤੁੱਟ ਚੱਲ ਰਹੀ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਤੋਂ ਇਲਾਵਾ ਕੀਰਤਨੀ ਅਤੇ ਢਾਡੀ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਮਹਿੰਦਰ ਸਿੰਘ ਮਿੱਠਾਪੁਰ ਵਾਲੇ ਅਤੇ ਟਿਵਾਨਾ ਵਾਲੇ ਕੀਰਤਨੀ ਜੱਥੇ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ। ਫਿਰ ਕਥਾਵਾਚਕ ਭਾਈ ਗੁਲਜਾਰ ਸਿੰਘ ਵੱਲੋਂ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਗਿਆ।
ਅੰਤ ਵਿਚ ਕੈਪਟਨ ਮਲਕੀਤ ਸਿੰਘ ਦੇ ਢਾਡੀ ਜੱਥੇ ਵੱਲੋਂ ਵਾਰਾਂ ਦੀ ਸੰਗਤਾ ਨਾਲ ਸਾਂਝ ਪਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਰੋਮੀ ਮਿਨਹਾਸ ਅਤੇ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਸਭ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਰਿੰਦਰ ਮਿਨਹਾਸ, ਓਂਕਾਰ ਪਰਮਾਰ, ਸੁਖਬੀਰ ਪਰਮਾਰ, ਕੁਲਵੰਤ ਸਿੰਘ, ਜਗਜੀਤ ਸਿੰਘ, ਸੁਰਿੰਦਰ ਸਿੰਘ ਪੱਪੀ, ਜਗਤਾਰ ਮਿਨਹਾਸ, ਜਸਵੀਰ ਸਿੰਘ ਖ਼ਾਲਸਾ ਅਤੇ ਹੋਰ ਪਤਵੰਤੇ ਮੌਜੂਦ ਸਨ।