-ਭ੍ਰਿਸ਼ਟਾਚਾਰ ਅਤੇ ਅਪਰਾਧਿਕ ਕਾਰਵਾਈਆਂ ਦੇ ਦੋਸ਼ ਹੇਠ ਹੋਈ ਕਾਰਵਾਈ
ਵੈਨਕੂਵਰ, 6 ਫਰਵਰੀ (ਪੰਜਾਬ ਮੇਲ)- ਟੋਰਾਂਟੋ ਪੁਲਿਸ ਦੇ 7 ਅਧਿਕਾਰੀਆਂ ਨੂੰ ਕੁਰੱਪਸ਼ਨ ਅਤੇ ਸੰਗਠਿਤ ਅਪਰਾਧ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਓਨਟਾਰੀਓ ਦੇ ਉੱਤਰ ਪੱਛਮੀ ਖੇਤਰ ‘ਚ ਤਾਇਨਾਤ ਸਨ ਤੇ ਅਪਰੇਸ਼ਨ ਸਾਊਥ ਹੇਠ ਕਾਫੀ ਸਮੇਂ ਤੋਂ ਯੌਰਕ ਖੇਤਰੀ ਪੁਲਿਸ ਦੀ ਉੱਚ ਤਾਕਤੀ ਗੁਪਤ ਜਾਂਚ ਟੀਮ ਦੀ ਨਜ਼ਰ ਹੇਠ ਸਨ। ਇਹ ਸਾਰੇ ਪੁਲਿਸ ਦੀ 11ਵੀਂ ਤੇ 12ਵੀਂ ਡਿਵੀਜ਼ਨ ਨਾਲ ਸਬੰਧਤ ਸਨ। ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਕਾਲੀਆਂ ਭੇਡਾਂ ਦਾ ਪ੍ਰਛਾਵਾਂ ਉਨ੍ਹਾਂ ਦੇ 8500 ਵਰਦੀਧਾਰੀ ਮੈਂਬਰਾਂ ‘ਤੇ ਨਹੀਂ ਪੈਣ ਦਿੱਤਾ ਜਾਏਗਾ, ਜੋ ਲੋਕ ਸੁਰੱਖਿਆ ਲਈ ਤਨਦੇਹੀ, ਇਮਾਨਦਾਰੀ ਤੇ ਸ਼ਿੱਦਤ ਨਾਲ ਆਪਣੇ ਫਰਜ਼ ਨਿਭਾਉਂਦੇ ਹਨ। ਯੌਰਕ ਪੁਲਿਸ ਮੁਖੀ ਜਿਮ ਸੈਕਸਵੈਨ ਅਤੇ ਉੱਪ ਮੁਖੀ ਰਿਆਨ ਹੌਗਨ ਨੇ ਕਿਹਾ ਹੈ ਕਿ ਉਹ ਪੱਤਰਕਾਰ ਸੰਮੇਲਨ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦੇਣਗੇ। ਪੁਲਿਸ ਅਫਸਰਾਂ ਦੇ ਫੜੇ ਜਾਣ ਦੀ ਸੂਹ ਲੱਗਦੇ ਹੀ ਦੇਸ਼ ਦੇ ਸਾਰੇ ਪੁਲਿਸ ਵਿਭਾਗਾਂ ਵਿਚ ਹਿਲਜੁੱਲ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਪੁਲਿਸ ਅਫਸਰਾਂ ਵਲੋਂ ਇੰਜ ਦੀ ਕਾਰਵਾਈ ਕਾਰਣ ਕੈਨੇਡਿਆਈ ਸਿਸਟਮ ‘ਤੇ ਸਵਾਲ ਉੱਠਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੇਂਦਰੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਇਸ ਦੋਸ਼ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ‘ਚੋਂ ਚਾਰ ਨੂੰ ਬਿਨਾਂ ਤਨਖਾਹ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਤਿੰਨ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵਿਚਾਰ ਹੋ ਰਹੀ ਹੈ।
ਟੋਰਾਂਟੋ ਪੁਲਿਸ ਦੇ 7 ਅਧਿਕਾਰੀ ਕਰੱਪਸ਼ਨ ਦੇ ਦੋਸ਼ ਹੇਠ ਗ੍ਰਿਫਤਾਰ
