#CANADA

ਟੋਰਾਂਟੋ ਏਅਰਪੋਰਟ ‘ਤੇ P.I.A. ਦੀ ਏਅਰ ਹੋਸਟੈੱਸ ਗ੍ਰਿਫਤਾਰ

-ਗੈਰ-ਕਾਨੂੰਨੀ ਪਾਸਪੋਰਟ ਵੀ ਮਿਲਿਆ
ਟੋਰਾਂਟੋ, 2 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਪੀ.ਆਈ.ਏ. (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼) ਦੀ ਇੱਕ ਏਅਰ ਹੋਸਟੈੱਸ ਨੂੰ ਟੋਰਾਂਟੋ ਕੈਨੇਡਾ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਅੰਤਰਰਾਸ਼ਟਰੀ ਯਾਤਰਾ ਲਈ ਯੋਗ ਨਾ ਹੋਣ ਵਾਲੇ ਪਾਸਪੋਰਟ ਬਰਾਮਦ ਕੀਤੇ ਗਏ ਹਨ। ਪਾਕਿਸਤਾਨੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ, ਫਲਾਈਟ ‘ਚ ਪੀ.ਆਈ.ਏ. ਦੀ ਏਅਰ ਹੋਸਟਲ ਹਿਨਾ ਸਾਨੀ ਦੇ ਨਾਲ ਚਾਲਕ ਦਲ ਦੇ ਸੱਤ ਹੋਰ ਮੈਂਬਰ ਵੀ ਸਨ। ਕੈਨੇਡੀਅਨ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਅਮਲੇ ਦੇ ਮੈਂਬਰਾਂ ਨੂੰ ਨੋ ਫਲਾਈ ਅਮਲੇ ਦੀ ਸੂਚੀ ਵਿਚ ਰੱਖਿਆ ਸੀ। ਹਾਲਾਂਕਿ ਇਨ੍ਹਾਂ ਸਾਰੇ ਮੈਂਬਰਾਂ ਨੇ ਡੀ.ਜੀ.ਐੱਮ. ਫਲਾਈਟ ਸਰਵਿਸਿਜ਼ ਤੋਂ ਵਿਸ਼ੇਸ਼ ਇਜਾਜ਼ਤ ਲਈ ਸੀ, ਜੋ ਕਿ ਨਿਸ਼ਚਿਤ ਨਿਯਮਾਂ ਦਾ ਹਵਾਲਾ ਸੀ। ਏਅਰ ਹੋਸਟੈਸ ਦੀ ਗ੍ਰਿਫਤਾਰੀ ਤੋਂ ਬਾਅਦ ਪੀ.ਆਈ.ਏ. ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਅਸੀਂ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਏਅਰਲਾਈਨਾਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਨ। ਕੈਨੇਡਾ ‘ਚ ਫੜੀ ਗਈ ਏਅਰ ਹੋਸਟੈੱਸ ਹਿਨਾ ਸਾਨੀ ਇਸ ਤੋਂ ਪਹਿਲਾਂ ਵੀ ਗੈਰ-ਕਾਨੂੰਨੀ ਸਮਾਨ ਦੀ ਤਸਕਰੀ ਕਰਦੀ ਰਹੀ ਹੈ। ਇਸ ਦੇ ਲਈ ਉਸ ਨੂੰ ਪਹਿਲਾਂ ਵੀ ਕੈਨੇਡਾ ‘ਚ ਹਿਰਾਸਤ ‘ਚ ਲਿਆ ਗਿਆ ਸੀ। ਪੀ.ਆਈ.ਏ. ਦਾ ਨਾਂ ਆਪਣੀਆਂ ਏਅਰ ਹੋਸਟੈੱਸਾਂ ਦੇ ਕਾਰਨਾਮੇ ਕਾਰਨ ਕੌਮਾਂਤਰੀ ਪੱਧਰ ‘ਤੇ ਖਰਾਬ ਹੋ ਚੁੱਕਾ ਹੈ। ਪਿਛਲੇ ਮਹੀਨੇ ਪੀ.ਆਈ.ਏ. ਦੀ ਏਅਰ ਹੋਸਟੈੱਸ ਮਰੀਅਮ ਰਜ਼ਾ ਡਿਊਟੀ ‘ਤੇ ਫਲਾਈਟ ‘ਤੇ ਟੋਰਾਂਟੋ ਪਹੁੰਚੀ ਸੀ ਅਤੇ ਉਸ ਨੇ ਅਗਲੇ ਦਿਨ ਵਾਪਸ ਆਉਣਾ ਸੀ ਪਰ ਹੋਟਲ ਤੋਂ ਗਾਇਬ ਹੋ ਗਈ ਸੀ। ਇਸੇ ਤਰ੍ਹਾਂ 2022 ਵਿਚ ਵੀ ਇੱਕ ਏਅਰ ਹੋਸਟੈਸ ਕੈਨੇਡਾ ਪਹੁੰਚ ਕੇ ਪਾਕਿਸਤਾਨ ਨਹੀਂ ਪਰਤੀ। ਫਰਾਂਸ ‘ਚ ਇਕ ਹੋਰ ਏਅਰ ਹੋਸਟੈੱਸ ਦੁਕਾਨ ਤੋਂ ਚੋਰੀ ਕਰਦੀ ਫੜੀ ਗਈ ਸੀ।