ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ) – ਅਮਰੀਕਾ ਨੇ ਭਾਰਤੀ ਸਟੀਲ, ਐਲੂਮੀਨੀਅਮ ਅਤੇ ਸਬੰਧਤ ਉਤਪਾਦਾਂ ‘ਤੇ 50 ਫੀਸਦੀ ਦੀ ਭਾਰੀ ਇੰਪੋਰਟ ਡਿਊਟੀ ਲਾਈ ਹੈ। ਇਸ ਦੇ ਜਵਾਬ ‘ਚ ਭਾਰਤ ਵੀ ਚੋਣਵੇਂ ਅਮਰੀਕੀ ਸਾਮਾਨ ‘ਤੇ ਟੈਰਿਫ ਲਾਉਣ ‘ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।
ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ‘ਤੇ ਭਾਰਤ ਦਾ ਪਹਿਲਾ ਰਸਮੀ ਪਲਟਵਾਰ ਹੋਵੇਗਾ। ਟਰੰਪ ਨੇ 31 ਜੁਲਾਈ ਨੂੰ ਸਾਰੀਆਂ ਭਾਰਤੀ ਵਸਤਾਂ ‘ਤੇ 25 ਫੀਸਦੀ ਟੈਰਿਫ ਲਾਇਆ ਸੀ। ਫਿਰ 6 ਅਗਸਤ ਨੂੰ ਰੂਸ ਤੋਂ ਤੇਲ ਦਰਾਮਦ ਨੂੰ ਲੈ ਕੇ 25 ਫੀਸਦੀ ਦਾ ਐਕਸਟ੍ਰਾ ਟੈਰਿਫ ਲਾ ਦਿੱਤਾ ਸੀ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਵਾਸ਼ਿੰਗਟਨ ਭਾਰਤ ਦੀਆਂ ਚਿੰਤਾਵਾਂ ਨੂੰ ਗੱਲਬਾਤ ਨਾਲ ਸੁਲਝਾਉਣ ਨੂੰ ਤਿਆਰ ਨਹੀਂ ਹੈ, ਜਿਸ ਨਾਲ ਭਾਰਤ ਕੋਲ ਪਲਟਵਾਰ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਦਾ। ਇਸ ਪਲਟਵਾਰ ਦੀ ਸ਼ੁਰੂਆਤ ਅਮਰੀਕੀ ਵਸਤਾਂ ਦੇ ਇਕ ਸੈੱਟ ‘ਤੇ ਅਜਿਹੇ ਟੈਰਿਫ ਨਾਲ ਹੋ ਸਕਦੀ ਹੈ, ਜੋ ਅਮਰੀਕੀ ਡਿਊਟੀ ਨਾਲ ਹੋਏ ਨੁਕਸਾਨ ਦੇ ਅਨੁਪਾਤ ‘ਚ ਹੋਣ।
ਇਕ ਹੋਰ ਅਧਿਕਾਰੀ ਨੇ ਦੱਸਿਆ, ”ਅਮਰੀਕਾ ਇਕ ਪਾਸੇ ਦੋਪੱਖੀ ਵਪਾਰ ਸਮਝੌਤੇ ‘ਤੇ ਗੱਲਬਾਤ ਕਰ ਰਿਹਾ ਹੈ, ਤਾਂ ਦੂਜੇ ਪਾਸੇ ਭਾਰਤ ਦੇ ਆਰਥਿਕ ਹਿੱਤਾਂ ਖਿਲਾਫ ਅਣ-ਉਚਿਤ ਕਦਮ ਉਠਾ ਰਿਹਾ ਹੈ। ਭਾਰਤ ਨੂੰ ਅਮਰੀਕਾ ਦੀ ਇਕਪਾਸੜ ਅਤੇ ਅਣ-ਉਚਿਤ ਕਾਰਵਾਈ ਦਾ ਜਵਾਬ ਦੇਣ ਦਾ ਅਧਿਕਾਰ ਹੈ।”
ਭਾਰਤ ਨੂੰ ਅਮਰੀਕਾ 45 ਅਰਬ ਡਾਲਰ ਤੋਂ ਜ਼ਿਆਦਾ ਦਾ ਮਾਲ ਬਰਾਮਦ ਕਰਦਾ ਹੈ। ਉਥੇ ਹੀ, ਹਾਲੀਆ ਟੈਰਿਫ ਤੋਂ ਪਹਿਲਾਂ ਭਾਰਤ ਦੀ ਅਮਰੀਕਾ ਨੂੰ ਬਰਾਮਦ 86 ਅਰਬ ਡਾਲਰ ਦੀ ਸੀ। ਜੇਕਰ ਭਾਰਤ ਟੈਰਿਫ ਦੇ ਮਾਮਲੇ ‘ਚ ਜਵਾਬੀ ਕਾਰਵਾਈ ਕਰਦਾ ਹੈ, ਤਾਂ ਵਪਾਰ ਘਾਟਾ ਹੋਰ ਵਧ ਸਕਦਾ ਹੈ।
ਇਸ ਸਾਲ ਫਰਵਰੀ ‘ਚ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਪੱਖੀ ਵਪਾਰ ਨੂੰ 500 ਅਰਬ ਡਾਲਰ ਤੱਕ ਵਧਾਉਣ ਅਤੇ ਵਿਆਪਕ ਗੱਲਬਾਤ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਅਮਰੀਕਾ ਭਾਰਤ ਦੇ ਖੇਤੀਬਾੜੀ ਅਤੇ ਸੰਵੇਦਨਸ਼ੀਲ ਖੇਤਰਾਂ ‘ਚ ਜ਼ਿਆਦਾ ਪਹੁੰਚ ਚਾਹੁੰਦਾ ਹੈ। ਅਮਰੀਕੀ ਮੰਗ ਨੂੰ ਭਾਰਤ ਨੇ ਠੁਕਰਾ ਦਿੱਤਾ, ਜਿਸ ਤੋਂ ਬਾਅਦ ਗੱਲਬਾਤ ਠੱਪ ਪੈ ਗਈ।
ਅਮਰੀਕਾ ਨੇ 2024-25 ‘ਚ ਭਾਰਤ ਨੂੰ 13.62 ਅਰਬ ਡਾਲਰ ਦੀ ਊਰਜਾ ਬਰਾਮਦ ਕੀਤੀ, ਨਾਲ ਹੀ ਇਲੈਕਟ੍ਰਾਨਿਕਸ, ਕੈਮੀਕਲਜ਼ ਅਤੇ ਹੋਰ ਵਸਤਾਂ ‘ਚ ਵੀ ਜ਼ਿਕਰਯੋਗ ਵਪਾਰ ਕੀਤਾ। ਸੇਵਾ ਵਪਾਰ ਵੀ ਮਹੱਤਵਪੂਰਨ ਹੈ। 2024 ‘ਚ ਦੋਪੱਖੀ ਸੇਵਾਵਾਂ ਦਾ ਵਪਾਰ 83.4 ਅਰਬ ਡਾਲਰ ਦਾ ਰਿਹਾ, ਜਿਸ ‘ਚ ਅਮਰੀਕਾ ਦਾ 102 ਮਿਲੀਅਨ ਡਾਲਰ ਦਾ ਸਰਪਲੱਸ ਸੀ।
2024 ‘ਚ ਭਾਰਤ ਨੂੰ ਅਮਰੀਕੀ ਸੇਵਾ ਬਰਾਮਦ ਕਰੀਬ 16 ਫੀਸਦੀ ਵਧ ਕੇ 41.8 ਅਰਬ ਡਾਲਰ ਤੱਕ ਪੁੱਜੀ, ਜਦੋਂਕਿ ਭਾਰਤ ਤੋਂ ਦਰਾਮਦ ਵੀ ਲੱਗਭਗ ਸਮਾਨ ਦਰ ਨਾਲ ਵਧ ਕੇ 41.6 ਅਰਬ ਡਾਲਰ ਹੋ ਗਈ।
ਟੈਰਿਫ ਵਾਰ : ਟਰੰਪ ਤੋਂ ਬਾਅਦ ਭਾਰਤ ਵੀ ਚੋਣਵੇਂ ਅਮਰੀਕੀ ਸਾਮਾਨ ‘ਤੇ ਟੈਰਿਫ ਲਾਉਣ ‘ਤੇ ਕਰ ਰਿਹੈ ਵਿਚਾਰ!
