ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗਏ 25% ਟੈਰਿਫ ਵਿਚਕਾਰ ਕੈਨੇਡਾ ਹੁਣ ਅਮਰੀਕੀ ਐੱਫ-35 ਸਟੀਲਥ ਲੜਾਕੂ ਜਹਾਜ਼ਾਂ ਦਾ ਬਦਲ ਲੱਭ ਰਿਹਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਦੇਸ਼ ਦੀ ਹਵਾਈ ਫ਼ੌਜ ਨੇ ਇਸ ਨੂੰ ਅਪਣਾਉਣ ਦੀ ਸਿਫਾਰਸ਼ ਕੀਤੀ ਸੀ ਪਰ ਉਹ ਹੋਰ ਬਦਲਾਂ ‘ਤੇ ਵੀ ਵਿਚਾਰ ਕਰ ਰਹੇ ਹਨ। ਇਹ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਨੇ ਲਿਆ ਹੈ।
ਕੈਨੇਡਾ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਹਾਲ ਹੀ ‘ਚ ਪੁਰਤਗਾਲ ਨੇ ਸੰਕੇਤ ਦਿੱਤਾ ਹੈ ਕਿ ਉਹ ਐੱਫ-35 ਜੈੱਟ ਜਹਾਜ਼ਾਂ ਲਈ ਸੌਦਾ ਛੱਡ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਡੋਨਾਲਡ ਟਰੰਪ ਨੇ ਭਾਰਤ ਤੋਂ ਐੱਫ-35 ਸਟੀਲਥ ਲੜਾਕੂ ਜਹਾਜ਼ ਲਈ ਸੌਦੇ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਭਾਰਤ ਦੇ ਪੱਖ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਇਸ ਲੜਾਕੂ ਜਹਾਜ਼ ‘ਤੇ ਕੋਈ ਸੌਦਾ ਹੋਵੇਗਾ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਕਈ ਸਾਲਾਂ ਦੀ ਦੇਰੀ ਤੋਂ ਬਾਅਦ ਕੈਨੇਡਾ ਨੇ 2023 ‘ਚ ਅਮਰੀਕਾ ਨਾਲ ਐੱਫ-35 ਸਟੀਲਥ ਲੜਾਕੂ ਜਹਾਜ਼ ਦਾ ਸੌਦਾ ਤੈਅ ਕੀਤਾ ਸੀ। ਉਸੇ ਸਾਲ ਜੂਨ ਵਿਚ ਕੈਨੇਡਾ ਨੇ 88 ਜੈੱਟਾਂ ਲਈ ਲਾਕਹੀਡ ਮਾਰਟਿਨ ਨਾਲ M19 ਬਿਲੀਅਨ ਦਾ ਸੌਦਾ ਕੀਤਾ ਸੀ। ਰਾਸ਼ਟਰਪਤੀ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਦੱਸਦੇ ਹਨ ਅਤੇ ਇਸ ਲੜਾਕੂ ਜਹਾਜ਼ ਲਈ ਇਹ ਸੌਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਹੋਇਆ ਸੀ।
ਸਥਿਤੀ ਇਹ ਹੈ ਕਿ ਕੈਨੇਡਾ ਨੂੰ 2026 ਤੱਕ ਐੱਫ-35 ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਪ੍ਰਾਪਤ ਹੋਣੀ ਸੀ ਅਤੇ 16 ਜੈੱਟਾਂ ਲਈ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਕੈਨੇਡੀਅਨ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਉਹ ਪਹਿਲੇ ਬੈਚ ਨੂੰ ਸਵੀਕਾਰ ਕਰ ਸਕਦੇ ਹਨ ਅਤੇ ਬਾਕੀ ਦੇ ਲਈ ਸਵੀਡਿਸ਼ ਦੁਆਰਾ ਬਣਾਏ ਸਾਬ ਗ੍ਰਿਪੇਨ ਵਰਗੇ ਯੂਰਪੀਅਨ ਨਿਰਮਾਤਾਵਾਂ ਨੂੰ ਦੇਖ ਸਕਦੇ ਹਨ।
ਉਦਾਹਰਨ ਲਈ ਕੈਨੇਡਾ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਕਿ ਲੜਾਕੂ ਜਹਾਜ਼ ਸਿਰਫ਼ ਕੈਨੇਡਾ ਵਿਚ ਹੀ ਅਸੈਂਬਲ ਕੀਤੇ ਜਾਣ ਅਤੇ ਅਜਿਹੇ ਸੌਦਿਆਂ ਦੀ ਪੇਸ਼ਕਸ਼ ਕਰਨ ਵਾਲਿਆਂ ਨੂੰ ਤਰਜੀਹ ਦੇਣ ਦੀ ਯੋਜਨਾ ਹੈ। ਐੱਫ-35 ਜੈੱਟ ਜਹਾਜ਼ਾਂ ਦਾ ਰੱਖ-ਰਖਾਅ, ਓਵਰਹਾਲ ਅਤੇ ਸਾਫਟਵੇਅਰ ਅੱਪਗ੍ਰੇਡ ਅਮਰੀਕਾ ਵਿਚ ਹੁੰਦਾ ਹੈ। ਪਿਛਲੇ ਸਾਲ ਯੂ.ਐੱਸ. ਗਵਰਨਮੈਂਟ ਅਕਾਊਂਟਿੰਗ ਆਫਿਸ (ਜੀ.ਏ.ਓ.) ਦੀ ਇੱਕ ਰਿਪੋਰਟ ਵਿਚ ਅਮਰੀਕਾ ਦੇ ਸਭ ਤੋਂ ਉੱਨਤ ਰੱਖਿਆ ਪ੍ਰੋਜੈਕਟ ਮੰਨੇ ਜਾਣ ਵਾਲੇ ਐੱਫ-35 ਦੀ ਵਧਦੀ ਲਾਗਤ ਨੂੰ ਉਜਾਗਰ ਕੀਤਾ ਗਿਆ ਸੀ।
ਟੈਰਿਫ ਵਾਰ: ਐੱਫ-35 ਜਹਾਜ਼ਾਂ ਦੀ ਡੀਲ ਰੱਦ ਕਰ ਸਕਦਾ ਹੈ ਕੈਨੇਡਾ
