ਨਿਊਯਾਰਕ, 29 ਅਗਸਤ (ਪੰਜਾਬ ਮੇਲ)- ਅਮਰੀਕਾ ਨੇ ਇਕ ਵਾਰ ਫਿਰ ਧਮਕੀ ਦਿੱਤੀ ਹੈ। ਇਸ ਵਾਰ ਨੈਸ਼ਨਲ ਇਕਾਨੋਮਿਕ ਕੌਂਸਲ ਦੇ ਡਾਇਰੈਕਟਰ ਕੇਵਿਨ ਹੈਸੇਟ ਨੇ ਕਿਹਾ ਹੈ ਕਿ ਜੇਕਰ ਭਾਰਤ ਸਹਿਮਤ ਨਹੀਂ ਹੁੰਦਾ ਹੈ, ਤਾਂ ਅਮਰੀਕਾ ਆਪਣਾ ਰੁਖ਼ ਨਰਮ ਨਹੀਂ ਕਰੇਗਾ। ਭਾਰਤ ‘ਤੇ ਲਾਇਆ ਗਿਆ 25 ਫੀਸਦੀ ਵਾਧੂ ਟੈਰਿਫ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ। ਇਸ ਲਿਹਾਜ਼ ਨਾਲ ਅਮਰੀਕਾ ਨੇ ਭਾਰਤ ‘ਤੇ ਕੁੱਲ 50 ਫੀਸਦੀ ਟੈਰਿਫ ਲਾਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਰੂਸੀ ਤੇਲ ਖਰੀਦਣ ਲਈ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਦੇ ਚੋਟੀ ਦੇ ਸਲਾਹਕਾਰ ਹੈਸੇਟ ਨੇ ਕਿਹਾ ਕਿ ਜੇਕਰ ਭਾਰਤੀ ਆਪਣੇ ਸਟੈਂਡ ‘ਤੇ ਅੜੇ ਰਹਿੰਦੇ ਹਨ, ਤਾਂ ਮੈਨੂੰ ਨਹੀਂ ਲੱਗਦਾ ਕਿ ਰਾਸ਼ਟਰਪਤੀ ਟਰੰਪ ਮੰਨਣਗੇ। ਵ੍ਹਾਈਟ ਹਾਊਸ ਵਿਖੇ ਉਨ੍ਹਾਂ ਨੇ ਭਾਰਤ ‘ਤੇ ਅਮਰੀਕੀ ਉਤਪਾਦਾਂ ਲਈ ਆਪਣਾ ਬਾਜ਼ਾਰ ਨਾ ਖੋਲ੍ਹਣ ਲਈ ਜ਼ਿੱਦੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਸਾਡੇ ਉਤਪਾਦਾਂ ਲਈ ਦਰਵਾਜ਼ੇ ਨਹੀਂ ਖੋਲ੍ਹਦਾ ਤਾਂ ਟਰੰਪ ਆਪਣਾ ਸਟੈਂਡ ਹੋਰ ਸਖ਼ਤ ਕਰ ਸਕਦੇ ਹਨ। ਉਨ੍ਹਾਂ ਕਿਹਾ, ‘ਇਸ ਦਾ ਇਕ ਹਿੱਸਾ ਰੂਸ ‘ਤੇ ਦਬਾਅ ਪਾਉਣ ਨਾਲ ਸਬੰਧਤ ਹੈ, ਤਾਂ ਜੋ ਸ਼ਾਂਤੀ ਸਮਝੌਤਾ ਹੋ ਸਕੇ ਅਤੇ ਲੱਖਾਂ ਜਾਨਾਂ ਬਚਾਈਆਂ ਜਾ ਸਕਣ।’ ਇਸ ਦੇ ਨਾਲ ਹੀ ਭਾਰਤ ਸਾਡੇ ਉਤਪਾਦਾਂ ਲਈ ਆਪਣਾ ਬਾਜ਼ਾਰ ਖੋਲ੍ਹਣ ‘ਤੇ ਅੜਿਆ ਹੋਇਆ ਹੈ।
ਟੈਰਿਫ ਵਾਰ: ਅਮਰੀਕਾ ਵੱਲੋਂ ਭਾਰਤ ਨੂੰ ਹੋਰ ਸਖਤੀ ਕਰਨ ਦੀ ਧਮਕੀ!
