#AMERICA

ਟੈਕਸਾਸ ਰਾਹੀਂ ਘੁਸਪੈਠ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਗ੍ਰਿਫ਼ਤਾਰ

-ਟੈਕਸਾਸ ਗਵਰਨਰ ਨੇ ਸੈਨੇਟ ਬਿਲ-4 ‘ਤੇ ਦਸਤਖਤ ਕਰਕੇ ਘੁਸਪੈਠ ਰੋਕਣ ਦੀ ਕੀਤੀ ਸੀ ਪ੍ਰੋੜਤਾ
ਟੈਕਸਾਸ, 20 ਮਾਰਚ (ਪੰਜਾਬ ਮੇਲ)-ਅਮਰੀਕੀ ਸੁਪਰੀਮ ਕੋਰਟ ਨੇ ਟੈਕਸਾਸ ਲਈ ਇਕ ਇਮੀਗ੍ਰੇਸ਼ਨ ਕਾਨੂੰਨ ਨੂੰ ਤੁਰੰਤ ਲਾਗੂ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ। ਇਹ ਕਾਨੂੰਨ ਸੂਬੇ ਦੇ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ, ਜੋ ਕਿ ਮੈਕਸੀਕੋ ਦੇ ਰਸਤੇ ਤੋਂ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਰਾਹੀਂ ਟੈਕਸਾਸ ਇਲਾਕੇ ਵਿਚ ਘੁਸਪੈਠ ਕਰਦੇ ਹਨ। ਇਸ ਕਾਨੂੰਨ ਸੰਬੰਧੀ ਭਾਵੇਂ ਕਿ ਚੁਣੌਤੀਆਂ ਸੰਘੀ ਅਪੀਲ ਅਦਾਲਤ ਵਿਚ ਜਾਰੀ ਹਨ, ਪਰ ਇਹ ਫੈਸਲਾ ਟੈਕਸਾਸ ਸਟੇਟ ਲਈ ਬਹੁਤ ਮਹੱਤਵਪੂਰਨ ਹੈ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਟੈਕਸਾਸ ਗਵਰਨਰ ਗਰੇਗ ਐਬੋਟ ਨਾਲ ਇਸ ਗੱਲ ਤੋਂ ਵਿਵਾਦ ਚੱਲ ਰਿਹਾ ਸੀ ਕਿ ਬਾਰਡਰ ‘ਤੇ ਸਖਤੀ ਨਹੀਂ ਹੋਣੀ ਚਾਹੀਦੀ ਸੀ। ਕਿਉਂਕਿ ਇਹ ਫੈਡਰਲ ਦੇ ਅਧੀਨ ਆਉਂਦਾ ਹੈ।
ਟੈਕਸਾਸ ਦੇ ਗਵਰਨਰ ਨੇ ਸੈਨੇਟ ਬਿਲ-4 ‘ਤੇ ਦਸਤਖਤ ਕਰਕੇ ਇਸ ਘੁਸਪੈਠ ਨੂੰ ਰੋਕਣ ਦੀ ਪ੍ਰੋੜਤਾ ਕੀਤੀ ਸੀ। ਆਸਟਿਨ ਵਿਚ ਇਕ ਸੰਘੀ ਜੱਜ ਨੇ ਟੈਕਸਾਸ ਸਰਕਾਰ ਨੂੰ ਕਾਨੂੰਨ ਲਾਗੂ ਕਰਨ ਤੋਂ ਰੋਕ ਦਿੱਤਾ ਸੀ। ਪਰ 5ਵੀਂ ਯੂ.ਐੱਸ. ਸਰਕਟ ਕੋਰਟ ਆਫ ਅਪੀਲਜ਼ ਨੇ ਹੇਠਲੀ ਅਦਾਲਤ ਦੇ ਫੈਸਲੇ ‘ਤੇ ਅਸਥਾਈ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਨੇ ਕਾਰਵਾਈ ਨਹੀਂ ਕੀਤੀ, ਤਾਂ ਮਾਰਚ ਵਿਚ ਕਾਨੂੰਨ ਲਾਗੂ ਹੋਵੇਗਾ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ ਨੇ ਕਿਹਾ ਕਿ ਅਸੀਂ ਇਸ ਫੈਸਲੇ ਨਾਲ ਬੁਨਿਆਦੀ ਤੌਰ ‘ਤੇ ਅਸਹਿਮਤ ਹਾਂ। ਐੱਸ.ਬੀ.-4 ਨਾ ਸਿਰਫ ਟੈਕਸਾਸ ਵਿਚ ਘੱਟ ਗਿਣਤੀਆਂ ਨੂੰ ਅਸੁਰੱਖਿਅਤ ਬਣਾਏਗਾ, ਇਹ ਕਾਨੂੰਨ ਲਾਗੂ ਕਰਨ ‘ਤੇ ਵੀ ਵੱਡਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਹੱਦ ‘ਤੇ ਹਫੜਾ-ਦਫੜੀ ਅਤੇ ਉਲਝਣ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ ਰਾਜਨੀਤਿਕ ਫਾਇਦਾ ਲੈਣ ਲਈ ਕੀਤਾ ਜਾ ਰਿਹਾ ਹੈ।