– ਕਾਤਲ ਭਾਰਤੀ ਵਿਅਕਤੀ ਗ੍ਰਿਫ਼ਤਾਰ
ਨਿਊਯਾਰਕ, 26 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਟੈਕਸਾਸ ਸੂਬੇ ਵਿਚ ਇੱਕ ਬੇਘਰ ਭਾਰਤੀ ਨੇ ਆਸਟਿਨ ਸਿਟੀ ਵਿਚ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ, ਜਿਸ ਵਿਚ 30 ਸਾਲਾ ਭਾਰਤੀ ਉੱਦਮੀ ਅਕਸ਼ੈ ਗੁਪਤਾ ਦੀ ਬੱਸ ਵਿਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੀਤੇ ਦਿਨੀਂ ਵਾਪਰੀ। ਅਕਸ਼ੈ ਗੁਪਤਾ ਨੂੰ ਮਾਰਨ ਵਾਲਾ ਇੱਕ ਭਾਰਤੀ ਵਿਅਕਤੀ ਸੀ। ਜਿਸ ਨੇ ਚੱਲਦੀ ਬੱਸ ਵਿਚ ਇਸ ਘਟਨਾ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾ ਦਿੱਤੀ।
ਇਸ ਲਈ ਜਿਵੇਂ ਹੀ ਬੱਸ ਰੋਕੀ ਗਈ, ਸਾਰੇ ਯਾਤਰੀ ਜਲਦੀ ਨਾਲ ਉਸ ਵਿਚੋਂ ਬਾਹਰ ਨਿਕਲ ਗਏ ਅਤੇ ਕਾਤਲ ਵੀ ਉਨ੍ਹਾਂ ਨਾਲ ਬੱਸ ਵਿਚੋਂ ਬਾਹਰ ਨਿਕਲ ਕੇ ਭੱਜ ਗਿਆ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਉਸ ਨੂੰ ਫੜ ਲਿਆ। ਮ੍ਰਿਤਕ ਅਕਸ਼ੈ ਗੁਪਤਾ ਇੱਕ ਹੈਲਥ-ਟੈਕ ਸਟਾਰਟਅੱਪ ਦੇ ਸਹਿ-ਸੰਸਥਾਪਕ ਅਤੇ ਆਸਟਿਨ ਦੇ ਇੱਕ ਸਰਗਰਮ ਉੱਦਮੀ ਸਨ। ਆਸਟਿਨ ਪੁਲਿਸ ਵਿਭਾਗ ਅਨੁਸਾਰ ਉਸ ‘ਤੇ ਬੱਸ ਵਿਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਅਕਸ਼ੈ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਉਸਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਕਸ਼ੈ ਨੂੰ ਮਾਰਨ ਵਾਲੇ ਵਿਅਕਤੀ ਦਾ ਨਾਮ 31 ਸਾਲਾ ਦੀਪਕ ਕੰਡੇਲ ਹੈ ਅਤੇ ਉਹ ਅਮਰੀਕਾ ‘ਚ ਬੇਘਰ ਹੈ। ਜਾਂਚ ਤੋਂ ਪਤਾ ਲੱਗਾ ਕਿ ਦੀਪਕ ਬੱਸ ਵਿਚ ਅਕਸ਼ੈ ਦੇ ਕੋਲ ਬੈਠਾ ਸੀ ਅਤੇ ਬਿਨਾਂ ਕਿਸੇ ਭੜਕਾਹਟ ਦੇ ਉਸਨੇ ਅਕਸ਼ੈ ਦੀ ਗਰਦਨ ‘ਤੇ ‘ਕਸਾਈ ਸਟਾਈਲ ਵਾਲੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਦੀਪਕ ਕੰਡੇਲ ਹੁਣ ਜੇਲ੍ਹ ‘ਚ ਬੰਦ ਹੈ। ਉਸ ‘ਤੇ ਪਹਿਲੀ ਡਿਗਰੀ ਦਾ ਦੋਸ਼ ਲਗਾਇਆ ਗਿਆ ਹੈ।
ਟੈਕਸਾਸ ‘ਚ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ
