#AMERICA

ਟੈਕਸਾਸ ‘ਚ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਵਿਚ 8 ਮੌਤਾਂ

– ਪੁਲਿਸ ਅਫਸਰਾਂ ਤੋਂ ਬਚ ਕੇ ਨਿਕਲ ਜਾਣ ਦੀ ਤਾਕ ਵਿਚ ਸੀ ਇਕ ਕਾਰ ਦਾ ਡਰਾਈਵਰ
ਸੈਕਰਾਮੈਂਟੋ, 11 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਜ਼ਾਵਾਲਾ ਕਾਊਂਟੀ, ਟੈਕਸਾਸ ਵਿਚ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਦੇ ਸਿੱਟੇ ਵਜੋਂ 8 ਮੌਤਾਂ ਹੋਣ ਦੀ ਖਬਰ ਹੈ। ਟੱਕਰ ਏਨੀ ਭਿਆਨਕ ਸੀ ਕਿ ਕਾਰਾਂ ਦੇ ਪਰਖਚੇ ਉਡ ਗਏ ਤੇ ਇਕ ਕਾਰ ਨੂੰ ਅੱਗ ਲੱਗ ਗਈ। ਟੈਕਸਾਸ ਡਿਪਾਰਟਮੈਂਟ ਪਬਲਿਕ ਸੇਫਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੰਭਾਵੀ ਤੌਰ ‘ਤੇ ਇਹ ਹਾਦਸਾ ਮਨੁੱਖੀ ਤਸਕਰੀ ਵਿਚ ਸ਼ਾਮਲ ਇਕ ਕਾਰ ਦੇ ਡਰਾਈਵਰ ਵੱਲੋਂ ਪੁਲਿਸ ਅਫਸਰਾਂ ਤੋਂ ਬਚ ਕੇ ਤੇਜ਼ ਰਫਤਾਰ ਨਾਲ ਨਿਕਲ ਜਾਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹੈ। ਹਾਦਸਾ ਦੱਖਣ ਪੱਛਮੀ ਟੈਕਸਾਸ ਵਿਚ ਬੇਟਸਵਿਲੇ ਕਸਬੇ ਨੇੜੇ ਮੈਕਸੀਕੋ ਬਾਰਡਰ ਤੋਂ ਤਕਰੀਬਨ 60 ਮੀਲ ਦੂਰ ਯੂ.ਐੱਸ. 57 ਮਾਰਗ ਉਪਰ ਵਾਪਰਿਆ। ਪਬਲਿਕ ਸੇਫਟੀ ਵਿਭਾਗ ਦੇ ਬੁਲਾਰੇ ਕ੍ਰਿਸ ਓਲੀਵਰੇਜ਼ ਅਨੁਸਾਰ ਸ਼ੱਕ ਹੈ ਕਿ ਹਾਂਡਾ ਕਾਰ ਦਾ ਡਰਾਈਵਰ ਮਨੁੱਖੀ ਤਸਕਰੀ ਵਿਚ ਸ਼ਾਮਲ ਸੀ ਤੇ ਉਹ ਜਾਵਾਲਾ ਕਾਊਂਟੀ ਦੇ ਪੁਲਿਸ ਅਫਸਰਾਂ ਤੋਂ ਬਚਣ ਦੀ ਕੋਸ਼ਿਸ਼ ਵਿਚ ਸੀ। ਜਦੋਂ ਉਸ ਨੇ ਕਾਰ ‘ਨੋ ਪਾਸਿੰਗ ਜ਼ੋਨ’ ਵਿਚੋਂ ਭਜਾ ਕੇ ਲਿਜਾਣ ਦਾ ਯਤਨ ਕੀਤਾ, ਤਾਂ ਉਸ ਦੀ ਕਾਰ ਸਿੱਧੀ ਇਕ ਹੋਰ ਕਾਰ ਐੱਸ.ਯੂ.ਵੀ. ਚੇਵਰੋਲੈਟ ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਚੇਵਰੋਲੈਟ ਨੂੰ ਅੱਗ ਲੱਗ ਗਈ। ਉਸ ਵਿਚ ਸਵਾਰ ਡਰਾਈਵਰ ਸਮੇਤ ਦੋਨੋਂ ਵਿਅਕਤੀ ਮਾਰੇ ਗਏ। ਇਹ ਦੋਨੋਂ ਜਾਰਜੀਆ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਜੋਸ ਲਰਮਾ (67) ਤੇ ਇਸਾਬੇਲ ਲਰਮਾ (65) ਵਜੋਂ ਹੋਈ ਹੈ। ਬੁਲਾਰੇ ਅਨੁਸਾਰ ਹੌਂਡਾ ਕਾਰ ਵਿਚ ਸਵਾਰ ਸ਼ੱਕੀ ਤਸਕਰ ਸਮੇਤ ਸਾਰੇ 6 ਜਣੇ ਵੀ ਦਮ ਤੋੜ ਗਏ, ਜੋ ਹੌਂਡਰਸ ਦੇ ਵਸਨੀਕ ਸਨ।
ਕੈਪਸ਼ਨ
ਟੈਕਸਾਸ ‘ਚ ਟੱਕਰ ਉਪਰੰਤ ਬੁਰੀ ਤਰ੍ਹਾਂ ਤਬਾਹ ਹੋਈਆਂ ਕਾਰਾਂ।