#AMERICA

ਟੈਕਸਾਸ ‘ਚ ਆਜ਼ਾਦੀ ਦੇ ਜਸ਼ਨ ਮਨਾ ਰਹੇ ਲੋਕਾਂ ‘ਤੇ ਚੱਲੀਆਂ ਗੋਲੀਆਂ, 2 ਦੀ ਮੌਤ ਤੇ 14 ਹੋਰ ਜ਼ਖਮੀ

ਸੈਕਰਾਮੈਂਟੋ, 19 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਊਂਡ ਰਾਕ ਪਾਰਕ, ਟੈਕਸਾਸ ਵਿਚ ਆਜ਼ਾਦੀ ਦੇ ਜਸ਼ਨ ਮਨਾ ਰਹੇ ਲੋਕਾਂ ‘ਤੇ ਗੋਲੀਆਂ ਚੱਲਣ ਦੀ ਖਬਰ ਹੈ, ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਤੇ 14 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਊਂਡ ਰਾਕ ਪੁਲਿਸ ਮੁਖੀ ਐਲਨ ਬੈਂਕਸ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਓਲਡ ਸੈਟਲਰਜ ਪਾਰਕ ਵਿਖੇ ਚੱਲ ਰਹੇ ਸਮਾਗਮ ਦੌਰਾਨ ਦੋ ਧੜਿਆਂ ਵਿਚਾਲੇ ਝਗੜਾ ਹੋਇਆ। ਇਸ ਦਰਮਿਆਨ ਕਿਸੇ ਵਿਅਕਤੀ ਨੇ ਗੰਨ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਬਹੁਤ ਜ਼ਿਆਦਾ ਭੀੜ ਸੀ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਮੌਕੇ ‘ਤੇ ਪਹਿਲਾਂ ਤੋਂ ਹੀ ਮੌਜੂਦ ਪੁਲਿਸ ਅਫਸਰਾਂ ਨੇ ਹਾਲਾਤ ‘ਤੇ ਨਿਯੰਤਰਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਕ ਸ਼ੱਕੀ ਦੋਸ਼ੀ ਕਾਲਾ ਮਰਦ ਹੈ, ਜਿਸ ਦੀ ਭਾਲ ਵੱਡੀ ਪੱਧਰ ‘ਤੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੈਂਕਸ ਨੇ ਕਿਹਾ ਕਿ ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਨੇ ਗੋਲੀ ਚਲਾਈ। ਇਸ ਸਬੰਧੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।