#AMERICA

ਟੈਕਸਾਸ ਅਦਾਲਤ ਵੱਲੋਂ ਮੀਨੂ ਬੱਤਰਾ ਨੂੰ ਤੁਰੰਤ ਇਮੀਗ੍ਰਸ਼ੇਨ ਹਿਰਾਸਤ ‘ਚੋਂ ਰਿਹਾਅ ਕਰਨ ਦੇ ਆਦੇਸ਼

ਸੈਕਰਾਮੈਂਟੋ, 6 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਾਸ ਦੀ ਇਕ ਅਦਾਲਤ ਨੇ ਪਿਛਲੇ 3 ਦਹਾਕਿਆਂ ਦੇ ਵਧ ਸਮੇ ਤੋਂ ਅਮਰੀਕਾ ‘ਚ ਰਹਿ ਰਹੀ ਭਾਰਤੀ ਮੂਲ ਦੀ ਮੀਨੂ ਬੱਤਰਾ ਨੂੰ ਤੁਰੰਤ ਸੰਘੀ ਇਮੀਗ੍ਰੇਸ਼ਨ ਵਿਚੋਂ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਉਸ ਦੀ ਗ੍ਰਿਫਤਾਰੀ ਵੇਲੇ ਨਿਯਮਾਂ ਤੇ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਟੈਕਸਾਸ ਵਿਚ ਬੱਤਰਾ ਇਕੋ ਇਕ ਲਾਇਸੰਸਸ਼ੁਦਾ ਦੁਭਾਸ਼ੀਆ ਹੈ, ਜੋ ਅੰਗਰੇਜੀ ਦਾ ਪੰਜਾਬੀ, ਹਿੰਦੀ ਤੇ ਉਰਦੂ ਵਿਚ ਅਨੁਵਾਦ ਕਰ ਸਕਦੀ ਹੈ। ਉਸ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਉਸ ਦੀ ਰਿਹਾਈ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੱਤਰਾ 4 ਬੱਚਿਆਂ ਦੀ ਮਾਂ ਹੋ, ਜੋ ਅਮਰੀਕੀ ਨਾਗਰਿਕ ਹਨ। ਉਸ ਨੂੰ ਹਰਲੀਨਗਨ ਵਿਚ ਵੈਲੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ 17 ਮਾਰਚ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਹ ਮਿਲਵਾਕੀ ਵਿਚ ਕੰਮ ‘ਤੇ ਜਾ ਰਹੀ ਸੀ। ਆਹਲੂਵਾਲੀਆ ਨੇ ਕਿਹਾ ਕਿ ਬੱਤਰਾ ਦੀ ਪੀ.ਆਰ. ਲੈਣ ਲਈ ਕਾਨੂੰਨੀ ਪ੍ਰਕ੍ਰਿਆ ਜਾਰੀ ਹੈ। ਵਕੀਲ ਅਨੁਸਾਰ ਕਾਨੂੰਨੀ ਲੜਾਈ ਅਜੇ ਖਤਮ ਨਹੀਂ ਹੋਈ ਤੇ ਇਸ ਨੂੰ ਅੰਜਾਮ ਤੱਕ ਲਿਜਾਣ ਲਈ ਸਮਾਂ ਲੱਗ ਸਕਦਾ ਹੈ।