-ਜ਼ਿੰਬਾਬਵੇ ਨੇ ਸੁਪਰ 8 ਵਿਚ ਥਾਂ ਬਣਾਈ; ਭਾਰਤ ਨਾਲ ਮੁਕਾਬਲਾ 26 ਨੂੰ
ਪਾਲੇਕਲ, 18 ਫਰਵਰੀ (ਪੰਜਾਬ ਮੇਲ)- ਆਇਰਲੈਂਡ ਖ਼ਿਲਾਫ਼ ਟੀ20 ਵਿਸ਼ਵ ਕੱਪ ਗਰੁੱਪ ‘ਬੀ’ ਦਾ ਮੈਚ ਮੀਂਹ ਦੀ ਭੇਟ ਚੜ੍ਹਨ ਮਗਰੋਂ ਜ਼ਿੰਬਾਬਵੇ ਸੁਪਰ ਅੱਠ ਵਿਚ ਪਹੁੰਚ ਗਿਆ ਹੈ। ਸਾਬਕਾ ਚੈਂਪੀਅਨ ਆਸਟ੍ਰੇਲੀਆ ਤੋਂ ਇਲਾਵਾ ਆਇਰਲੈਂਡ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਦੋਵਾਂ ਟੀਮਾਂ ਨੇ ਇੱਕ-ਇੱਕ ਅੰਕ ਹਾਸਲ ਕੀਤੇ, ਜਿਸ ਨਾਲ ਜ਼ਿੰਬਾਬਵੇ ਦੇ ਕੁੱਲ ਪੰਜ ਅੰਕ ਹੋ ਗਏ। ਹੁਣ ਪਹਿਲੇ ਸੁਪਰ ਅੱਠ ਵਿਚ ਜ਼ਿੰਬਾਬਵੇ ਦਾ ਭਾਰਤ ਨਾਲ ਮੁਕਾਬਲਾ 26 ਫਰਵਰੀ ਨੂੰ ਚੇਨੱਈ ਵਿਚ ਹੋਵੇਗਾ। ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਕਿਹਾ, ”ਅਸੀਂ ਅਜੇ ਆਪਣਾ ਟੀਚਾ ਹਾਸਲ ਨਹੀਂ ਕੀਤਾ, ਬੱਸ ਉਸ ਵੱਲ ਕਦਮ ਵਧਾਇਆ ਹੈ। ਥੋੜ੍ਹਾ-ਬਹੁਤਾ ਜਸ਼ਨ ਹੋਵੇਗਾ, ਪਰ ਧਿਆਨ ਅਗਲੇ ਮੈਚ ‘ਤੇ ਹੈ।” ਜ਼ਿੰਬਾਬਵੇ ਪਿਛਲੀ ਵਾਰ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ। ਹੁਣ ਉਹ ਸੁਪਰ ਅੱਠ ਵਿਚ ਪਹੁੰਚਣ ਵਾਲੀ ਸੱਤਵੀਂ ਟੀਮ ਬਣ ਗਈ ਹੈ। ਭਾਰਤ, ਦੱਖਣੀ ਅਫਰੀਕਾ ਅਤੇ ਵੈਸਟ ਇੰਡੀਜ਼ ਨੇ ਵੀ ਗਰੁੱਪ 1 ਵਿਚ ਸੁਪਰ ਅੱਠ ਲਈ ਕੁਆਲੀਫਾਈ ਕੀਤਾ ਹੈ। ਜ਼ਿੰਬਾਬਵੇ ਦਾ ਆਖ਼ਰੀ ਗਰੁੱਪ ਮੈਚ 19 ਫਰਵਰੀ ਨੂੰ ਸ੍ਰੀਲੰਕਾ ਨਾਲ ਹੋਵੇਗਾ। ਸ੍ਰੀਲੰਕਾ ਪਹਿਲਾਂ ਹੀ 6 ਅੰਕਾਂ ਨਾਲ ਸੁਪਰ ਅੱਠ ਵਿਚ ਪਹੁੰਚ ਗਿਆ ਹੈ। ਆਸਟ੍ਰੇਲੀਆ ਦੇ ਦੋ ਅੰਕ ਹਨ। ਉਸ ਨੂੰ ਜ਼ਿੰਬਾਬਵੇ ਅਤੇ ਸ੍ਰੀਲੰਕਾ ਨੇ ਸ਼ਿਕਸਤ ਦਿੱਤੀ ਹੈ। ਗਰੁੱਪ 2 ਵਿਚ ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ ਜਾਂ ਅਮਰੀਕਾ ਹੋਣਗੇ। ਰਜ਼ਾ ਨੇ ਕਿਹਾ, ”ਮੈਂ ਅਤੇ ਕੋਚ ਮਿਲ ਕੇ ਸ੍ਰੀਲੰਕਾ ਦੀ ਟੀਮ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਇਹ ਮੈਚ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਕੁਆਲੀਫਾਇੰਗ ਕਰਨ ਨਾਲ ਸਾਡਾ ਟੀਚਾ ਨਹੀਂ ਬਦਲਿਆ।”
ਟੀ20 ਵਿਸ਼ਵ ਕੱਪ: ਸਾਬਕਾ ਚੈਂਪੀਅਨ ਆਸਟ੍ਰੇਲੀਆ ਵਿਸ਼ਵ ਕੱਪ ‘ਚੋਂ ਬਾਹਰ

