#Cricket #SPORTS

ਟੀ20 ਵਿਸ਼ਵ ਕੱਪ: ਕੈਨੇਡਾ ਨੂੰ 8 ਵਿਕਟਾਂ ਨਾਲ ਹਰਾ ਨਿਊਜ਼ੀਲੈਂਡ ਆਖ਼ਰੀ 8 ‘ਚ ਪੁੱਜਾ

-ਯੁਵਰਾਜ ਸੈਂਕੜਾ ਜੜਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣਿਆ
ਚੇਨੱਈ, 18 ਫਰਵਰੀ (ਪੰਜਾਬ ਮੇਲ)- ਨਿਊਜ਼ੀਲੈਂਡ ਨੇ ਆਈ.ਸੀ.ਸੀ. ਟੀ20 ਵਿਸ਼ਵ ਕੱਪ ਦੇ ਗਰੁੱਪ ‘ਡੀ’ ਮੈਚ ਵਿਚ ਕੈਨੇਡਾ ਨੂੰ 29 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਸੁਪਰ 8 ਵਿਚ ਆਪਣੀ ਥਾਂ ਪੱਕੀ ਕੀਤੀ। ਯੁਵਰਾਜ ਸਮਰਾ ਇਸ ਟੂਰਨਾਮੈਂਟ ਵਿਚ ਸੈਂਕੜਾ ਮਾਰਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਭਾਰਤ ਦੇ ਵਿਸ਼ਵ ਕੱਪ ਜੇਤੂ ਹਰਫਨਮੌਲਾ ਯੁਵਰਾਜ ਸਿੰਘ ਦੇ ਨਾਮ ‘ਤੇ 19 ਸਾਲਾ ਸਮਰਾ ਦਾ ਨਾਮ ਰੱਖਿਆ ਗਿਆ ਸੀ ਅਤੇ ਉਸ ਨੇ ਆਪਣੇ ਨਾਮ ਨੂੰ ਸਹੀ ਸਾਬਤ ਕਰਦਿਆਂ ਆਖ਼ਰੀ ਓਵਰ ਵਿਚ ਆਊਟ ਹੋਣ ਤੋਂ ਪਹਿਲਾਂ 65 ਗੇਂਦਾਂ ‘ਤੇ 110 ਦੌੜਾਂ ਬਣਾਈਆਂ। ਇਸ ਵਿਚ 11 ਚੌਕੇ ਅਤੇ ਛੇ ਛੱਕੇ ਸ਼ਾਮਲ ਹਨ। ਉਸ ਨੇ ਕਪਤਾਨ ਦਿਲਪ੍ਰੀਤ ਬਾਜਵਾ (39 ਗੇਂਦਾਂ ‘ਤੇ 36 ਦੌੜਾਂ) ਨਾਲ ਪਹਿਲੀ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ‘ਤੇ 173 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 15.1 ਓਵਰਾਂ ਵਿਚ ਦੋ ਵਿਕਟਾਂ ‘ਤੇ 176 ਦੌੜਾਂ ਬਣਾ ਕੇ ਅਗਲੇ ਗੇੜ ਵਿਚ ਥਾਂ ਬਣਾਈ। ਗਲੇਨ ਫਿਲਿਪਸ ਨੇ 36 ਗੇਂਦਾਂ ‘ਤੇ ਚਾਰ ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਨਾਬਾਦ 76 ਦੌੜਾਂ ਦੀ ਪਾਰੀ ਖੇਡੀ। ਉਸ ਨੇ ਰਚਿਨ ਰਵਿੰਦਰ (39 ਗੇਂਦਾਂ ‘ਤੇ ਨਾਬਾਦ 59 ਦੌੜਾਂ) ਨਾਲ 146 ਦੌੜਾਂ ਦੀ ਸਾਂਝੇਦਾਰੀ ਕੀਤੀ।
ਨਿਊਜ਼ੀਲੈਂਡ ਨੇ ਚਾਰ ਮੈਚਾਂ ਵਿਚ ਛੇ ਅੰਕਾਂ ਨਾਲ ਗਰੁੱਪ ਗੇੜ ਵਿਚ ਆਪਣੀ ਮੁਹਿੰਮ ਖ਼ਤਮ ਕੀਤੀ ਹੈ। ਉਹ ਗਰੁੱਪ ‘ਡੀ’ ਵਿਚ ਦੱਖਣੀ ਅਫਰੀਕਾ ਮਗਰੋਂ ਦੂਜੇ ਸਥਾਨ ‘ਤੇ ਹੈ।