ਕੋਲੰਬੋ, 19 ਫਰਵਰੀ (ਪੰਜਾਬ ਮੇਲ)- ਕੋਲੰਬੋ ਵਿਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿਚ ਬ੍ਰਾਇਨ ਬੈਨੇਟ ਦੇ ਅਰਧ ਸੈਂਕੜੇ ਅਤੇ ਕਪਤਾਨ ਸਿਕੰਦਰ ਰਜ਼ਾ ਦੀ 45 ਦੌੜਾਂ ਦੀ ਤੂਫ਼ਾਨੀ ਪਾਰੀ ਸਦਕਾ ਜ਼ਿੰਬਾਬਵੇ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਜ਼ਿੰਬਾਬਵੇ ਨੇ ਆਪਣੇ ਗਰੁੱਪ ਵਿਚ ਕੋਈ ਮੈਚ ਨਹੀਂ ਹਾਰਿਆ ਤੇ ਉਹ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਗੇੜ ਵਿਚ ਦਾਖਲ ਹੋ ਗਿਆ ਹੈ। ਜ਼ਿੰਬਾਬਵੇ ਦੇ ਇਸ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਖਾਸ ਕਰਕੇ ਜਦੋਂ ਉਨ੍ਹਾਂ ਨੇ ਲੀਗ ਪੜਾਅ ਵਿਚ ਆਸਟ੍ਰੇਲੀਆ ਵਰਗੀ ਟੀਮ ਨੂੰ ਵੀ ਮਾਤ ਦਿੱਤੀ ਸੀ।
ਸ੍ਰੀਲੰਕਾ ਵੱਲੋਂ ਦਿੱਤੇ ਗਏ 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਨੇ 19.3 ਓਵਰਾਂ ਵਿਚ 182 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਬ੍ਰਾਇਨ ਬੈਨੇਟ ਨੇ 48 ਗੇਂਦਾਂ ਵਿਚ 63 ਦੌੜਾਂ ਬਣਾਈਆਂ, ਜਦੋਂ ਕਿ ਸਿਕੰਦਰ ਰਜ਼ਾ ਨੇ ਮਹਿਜ਼ 26 ਗੇਂਦਾਂ ਵਿਚ 45 ਦੌੜਾਂ ਦੀ ਅਹਿਮ ਪਾਰੀ ਖੇਡੀ। ਜ਼ਿੰਬਾਬਵੇ ਦੀ ਸ਼ੁਰੂਆਤ ਬਹੁਤ ਵਧੀਆ ਰਹੀ। ਪਹਿਲੇ ਵਿਕਟ ਲਈ ਬੈਨੇਟ ਅਤੇ ਮਾਰੂਮਾਨੀ (34 ਦੌੜਾਂ) ਨੇ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਅਖੀਰਲੇ ਓਵਰ ਵਿਚ ਜ਼ਿੰਬਾਬਵੇ ਨੂੰ ਜਿੱਤ ਲਈ 8 ਦੌੜਾਂ ਦੀ ਲੋੜ ਸੀ, ਜਿਸ ਤੋਂ ਬਾਅਦ ਟੋਨੀ ਮੁਨਿਓਂਗਾ ਨੇ ਮਹੀਸ਼ ਤੀਕਸ਼ਣਾ ਦੀ ਗੇਂਦ ‘ਤੇ ਛੱਕਾ ਜੜ ਕੇ ਜੇਤੂ ਟੀਚਾ ਹਾਸਲ ਕੀਤਾ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਲਈ ਪਾਥੁਮ ਨਿਸਾਂਕਾ ਨੇ ਸਭ ਤੋਂ ਵੱਧ 62 ਦੌੜਾਂ ਅਤੇ ਪਵਨ ਰਤਨਾਇਕੇ ਨੇ 44 ਦੌੜਾਂ ਬਣਾਈਆਂ। ਹਾਲਾਂਕਿ ਜ਼ਿੰਬਾਬਵੇ ਦੇ ਸਪਿੰਨਰਾਂ ਸਿਕੰਦਰ ਰਜ਼ਾ, ਗ੍ਰੀਮ ਕ੍ਰੇਮਰ ਅਤੇ ਰਿਆਨ ਬਰਲ ਨੇ ਵਿਚਕਾਰਲੇ ਓਵਰਾਂ ਵਿਚ ਸ਼੍ਰੀਲੰਕਾ ਦੀ ਦੌੜਾਂ ਦੀ ਗਤੀ ‘ਤੇ ਲਗਾਮ ਲਗਾਈ ਰੱਖੀ। ਭਾਵੇਂ ਸ਼੍ਰੀਲੰਕਾ ਨੇ ਆਖਰੀ ਦੋ ਓਵਰਾਂ ਵਿਚ 30 ਦੌੜਾਂ ਬਣਾਈਆਂ, ਪਰ ਉਹ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਰੋਕਣ ਵਿਚ ਨਾਕਾਮ ਰਹੇ।
ਟੀ-20 ਵਿਸ਼ਵ ਕੱਪ: ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਜ਼ਿੰਬਾਬਵੇ ਸੁਪਰ 8 ‘ਚ ਪਹੁੰਚਿਆ

