#Cricket #SPORTS

ਟੀ-20 ਵਿਸ਼ਵ ਕੱਪ; ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਹਰਾ ਕੀਤਾ ਵੱਡਾ ਉਲਟਫੇਰ

ਕੋਲੰਬੋ, 13 ਫਰਵਰੀ (ਪੰਜਾਬ ਮੇਲ)- ਟੀ-20 ਵਿਸ਼ਵ ਕੱਪ ਵਿਚ ਅੱਜ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਜ਼ਿੰਬਾਬਵੇ ਨੇ ਮਜ਼ਬੂਤ ਮੰਨੀ ਜਾਣ ਵਾਲੀ ਆਸਟ੍ਰੇਲੀਆਈ  ਟੀਮ ਨੂੰ 23 ਦੌੜਾਂ ਦੇ ਫਰਕ ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਦੂਜੀ ਵਾਰ ਹੈ ਜਦੋਂ ਜ਼ਿੰਬਾਬਵੇ ਨੇ ਵਿਸ਼ਵ ਕੱਪ ਦੇ ਮੈਚ ਵਿਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 19 ਸਾਲ ਪਹਿਲਾਂ 2007 ਦੇ ਵਿਸ਼ਵ ਕੱਪ ਦੌਰਾਨ ਵੀ ਕੰਗਾਰੂ ਟੀਮ ਨੂੰ ਲੀਗ ਮੈਚ ਵਿਚ ਹਰਾਇਆ ਸੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਨਿਰਧਾਰਿਤ 20 ਓਵਰਾਂ ਵਿਚ ਸਿਰਫ 2 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿਚ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ  ਟੀਮ ਸ਼ੁਰੂ ਤੋਂ ਹੀ ਸੰਘਰਸ਼ ਕਰਦੀ ਨਜ਼ਰ ਆਈ ਅਤੇ ਪੂਰੀ ਟੀਮ 19.3 ਓਵਰਾਂ ਵਿਚ ਮਹਿਜ਼ 146 ਦੌੜਾਂ ‘ਤੇ ਹੀ ਆਲ ਆਊਟ ਗਈ। ਜ਼ਿੰਬਾਬਵੇ ਦੀ ਇਸ ਇਤਿਹਾਸਕ ਜਿੱਤ ਵਿਚ ਤੇਜ਼ ਗੇਂਦਬਾਜ਼ ਬਲੇਸਿੰਗ ਮੁਜ਼ਰਬਾਨੀ ਨੇ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ ਅਤੇ ਉਸ ਨੂੰ ਇਸ ਬਿਹਤਰੀਨ ਪ੍ਰਦਰਸ਼ਨ ਲਈ ਪਲੇਅਰ ਆਫ ਦ ਮੈਚ ਚੁਣਿਆ ਗਿਆ।