#PUNJAB

ਟਾਂਡਾ ਦੇ ਪਿੰਡ ‘ਚ ਸਰਪੰਚੀ ਲਈ ਉਮੀਦਵਾਰਾਂ ‘ਚ ਮੁਕਾਬਲਾ ਰਿਹਾ ਟਾਈ

-ਪਰਚੀ ਪਾ ਕੇ ਹੋਇਆ ਸਰਪੰਚ ਦਾ ਫੈਸਲਾ
ਟਾਂਡਾ ਉੜਮੁੜ, 16 ਅਕਤੂਬਰ (ਪੰਜਾਬ ਮੇਲ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਜੌੜਾ ਵਿਖੇ ਪੰਚਾਇਤ ਦੀ ਹੋਈ ਚੋਣ ਦੌਰਾਨ ਸਰਪੰਚੀ ਦਾ ਦਾਅਵਾ ਕਰਨ ਵਾਲੇ ਦੋ ਉਮੀਦਵਾਰਾਂ ਵਿਚ ਮੁਕਾਬਲਾ ਟਾਈ ਰਿਹਾ। ਇਸ ਸਬੰਧੀ ਇਕੱਤਰ ਜਾਣਕਾਰੀ ਸਰਪੰਚ ਦੀ ਚੋਣ ਲੜ ਰਹੇ ਉੱਘੇ ਟਰਾਂਸਪੋਰਟਰ ਅਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਗੋਲਡੀ ਨਰਵਾਲ ਅਤੇ ਦੂਜੀ ਧਿਰ ਦੇ ਦਲਵਿੰਦਰ ਸਿੰਘ ਵਿਚਕਾਰ ਫ਼ਸਵਾਂ ਅਤੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਦੋਵੇਂ ਹੀ ਉਮੀਦਵਾਰਾਂ ਨੂੰ 513-513 ਵੋਟਾਂ ਪਾਈਆਂ, ਜਿਸ ਕਾਰਨ ਮੁਕਾਬਲਾ ਟਾਈ ਰਿਹਾ। ਇਸ ਦੇ ਉਪਰੰਤ ਸਮੁੱਚੇ ਚੋਣ ਅਮਲੇ ਅਤੇ ਦੋਵੇਂ ਧਿਰਾਂ ਦੀ ਸਹਿਮਤੀ ਅਤੇ ਵੀਡੀਓਗ੍ਰਾਫੀ ਕਰਦੇ ਹੋਏ ਪਰਚੀ ਸਿਸਟਮ ਦੀ ਪ੍ਰਕਿਰਿਆ ਅਪਣਾਈ ਗਈ, ਜਿਸ ਵਿਚ ਮਨਪ੍ਰੀਤ ਸਿੰਘ ਗੋਲਡੀ ਜੇਤੂ ਰਹੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪਿੰਡ ਵਿਚ ਰਾਤ 3 ਵਜੇ ਸਰਪੰਚੀ ਦੇ ਨਤੀਜੇ ਦਾ ਫ਼ੈਸਲਾ ਹੋਇਆ। ਇਸ ਮੌਕੇ ਜੇਤੂ ਰਹੇ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਨੇ ਪਿੰਡ ਵਾਸੀਆਂ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਦੀ ਅਸੀਸਾਂ ਸਦਕਾ ਸਮੁੱਚੇ ਪਿੰਡ ਦੇ ਵਿਕਾਸ ਲਈ ਯਤਨ ਕਰਨਗੇ।