ਪੱਤਰ ‘ਚ ਲਿਖਿਆ ਸੀ; ਪਤਨ ਵੱਲ ਵਧ ਰਿਹੈ ਅਮਰੀਕਾ
ਨਿਊਯਾਰਕ, 6 ਜਨਵਰੀ (ਪੰਜਾਬ ਮੇਲ)- ਲਾਸ ਵੇਗਾਸ ‘ਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਾਹਰ ਧਮਾਕੇ ਤੋਂ ਪਹਿਲਾਂ ਟੈਸਲਾ ਸਾਈਬਰ ਟਰੱਕ ‘ਚ ਖ਼ੁਦ ਨੂੰ ਗੋਲੀ ਮਾਰ ਕੇ ਜਾਣ ਦੇਣ ਵਾਲੇ ਫ਼ੌਜੀ ਮੈਥਿਊ ਲਿਵੇਲਸਬਰਗਰ ਨੇ ਪੱਤਰ ਛੱਡਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਮੈਥਿਊ ਦੀ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਸੀ। ਲਾਸ ਵੇਗਾਸ ‘ਚ ਐੱਫ.ਬੀ.ਆਈ. ਦੇ ਇੰਚਾਰਜ ਏਜੰਟ ਸਪੈਂਸਰ ਇਵਾਂਸ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਇਕ ਦੁੱਖਦਾਈ ਮਾਮਲਾ ਪ੍ਰਤੀਤ ਹੁੰਦਾ ਹੈ, ਜਿਸ ‘ਚ ਇਕ ਫ਼ੌਜੀ ਸ਼ਾਮਿਲ ਸੀ, ਜਿਹੜਾ ਜੀ.ਟੀ.ਐੱਸ.ਡੀ. ਤਣਾਅ ਤੇ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਮੈਥਿਊ ਦੀ ਮੌਤ ਸਿਰ ‘ਤੇ ਖ਼ੁਦ ਨੂੰ ਗੋਲੀ ਮਾਰਨ ਨਾਲ ਹੋਈ। ਜਾਂਚ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਮੈਥਿਊ ਨੇ ਸਾਈਬਰ ਟਰੱਕ ਦੇ ਅੰਦਰ ਖ਼ੁਦ ਨੂੰ ਕਿਵੇਂ ਗੋਲੀ ਮਾਰੀ ਤੇ ਬੰਬ ਕਿਵੇਂ ਚਲਾਇਆ। ਧਮਾਕੇ ਵਾਲੇ ਦਿਨ ਟਰੰਪ ਤੇ ਮਾਸਕ ਲਾਸ ਵੇਗਾਸ ‘ਚ ਨਹੀਂ ਸਨ। ਦੋਵੇਂ ਫਲੋਰੀਡਾ ਅਸਟੇਟ ‘ਚ ਨਵੇਂ ਸਾਲ ਦੀ ਪਾਰਟੀ ‘ਚ ਸ਼ਾਮਿਲ ਹੋਏ ਸਨ। ਧਮਾਕੇ ‘ਚ ਸੱਤ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਟਰੰਪ ਇੰਟਰਨੈਸ਼ਨਲ ਹੋਟਲ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਮੈਥਿਊ ਨੇ ਇਕੱਲੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੱਤਰ ਜਾਰੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਮੈਥਿਊ ਵੱਲੋਂ ਛੱਡੇ ਗਏ ਨੋਟਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਦੇਸ਼ ਨੂੰ ਸਚੇਤ ਕਰਨ ਲਈ ਖ਼ੁਦਕੁਸ਼ੀ ਕੀਤੀ ਹੈ। ਇਸ ‘ਚ ਲਿਖਿਆ ਸੀ ਕਿ ਇਹ ਧਮਾਕਾ ਦੇਸ਼ ਦੀਆਂ ਬੁਰਾਈਆਂ ਬਾਰੇ ਸੁਚੇਤ ਕਰੇਗਾ। ਉਸ ਨੇ ਪੱਤਰ ‘ਚ ਸਿਆਸੀ ਹਮਲਿਆਂ, ਸਮਾਜਿਕ ਸਮੱਸਿਆਵਾਂ ਤੇ ਯੂਕਰੇਨ ‘ਚ ਜੰਗ ਸਮੇਤ ਘਰੇਲੂ ਤੇ ਕੌਮਾਂਤਰੀ ਮੁੱਦਿਆਂ ਸਮੇਤ ਕਈ ਵਿਸ਼ੇ ਚੁੱਕੇ। ਉਸ ਨੇ ਕਿਹਾ ਕਿ ਆਪਣੀ ਗੱਲ ਕਹਿਣ ਲਈ ਧਮਾਕੇ ਵਾਲੇ ਸਟੰਟ ਤੋਂ ਬਿਹਤਰ ਕਿਹੜਾ ਤਰੀਕਾ ਹੋ ਸਕਦਾ ਹੈ?