#AMERICA

ਟਰੰਪ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ‘ਚ ਬਦਲਣਾ ਚਾਹੁੰਦੈ : ਹੈਰਿਸ

ਵਾਸ਼ਿੰਗਟਨ, 11 ਜੁਲਾਈ (ਪੰਜਾਬ ਮੇਲ)-ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਸੰਭਾਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕੀ ਲੋਕਤੰਤਰ ਨੂੰ ਤਾਨਾਸ਼ਾਹੀ ਵਿਚ ਬਦਲ ਦੇਣਗੇ। ਹੈਰਿਸ ਨੇ ਲਾਸ ਵੇਗਾਸ ਵਿਚ ਇਕ ਰਾਸ਼ਟਰੀ ਬਾਇਡਨ-ਹੈਰਿਸ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ, ”ਡੋਨਾਲਡ ਟਰੰਪ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ‘ਚ ਬਦਲਣਾ ਚਾਹੁੰਦੇ ਹਨ।” ਇਹ ਪ੍ਰੋਗਰਾਮ ਦੇਸ਼ ਭਰ ਵਿਚ ਏਸ਼ੀਆਈ ਅਮਰੀਕੀਆਂ, ਮੂਲ ਹਵਾਈ ਨਾਗਰਿਕਾਂ ਅਤੇ ਪੈਸੀਫਿਕ ਆਈਲੈਂਡਰਜ਼ ਦੇ ਵੋਟਰਾਂ, ਭਾਈਚਾਰਿਆਂ ਅਤੇ ਆਗੂਆਂ ਨੂੰ ਸੰਗਠਿਤ ਕਰੇਗਾ।
ਹੈਰਿਸ ਨੇ ਦੋਸ਼ ਲਾਇਆ ਕਿ ਟਰੰਪ ਦੇ ਸਲਾਹਕਾਰਾਂ ਨੇ 900 ਪੰਨਿਆਂ ਦਾ ‘ਬਲੂਪ੍ਰਿੰਟ’ ਤਿਆਰ ਕੀਤਾ ਹੈ, ਜਿਸ ਨੂੰ ਉਹ ‘ਪ੍ਰੋਜੈਕਟ 2025’ ਕਹਿ ਰਹੇ ਹਨ, ਜਿਸ ਵਿਚ ਟਰੰਪ ਦੇ ਦੂਜੇ ਕਾਰਜਕਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਵਿਚ ਸਮਾਜਿਕ ਸੁਰੱਖਿਆ ‘ਚ ਕਟੌਤੀ, ਇਨਸੁਲਿਨ ‘ਤੇ 35 ਡਾਲਰ ਦੀ ਸੀਮਾ ਨੂੰ ਖ਼ਤਮ ਕਰਨ, ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਅਤੇ ਹੈੱਡ ਸਟਾਰਟ ਵਰਗੇ ਪ੍ਰੋਗਰਾਮਾਂ ਨੂੰ ਖ਼ਤਮ ਕਰਨ ਵਰਗੇ ਕਦਮ ਸ਼ਾਮਲ ਹਨ।
ਉਪ ਰਾਸ਼ਟਰਪਤੀ ਨੇ ਹਾਜ਼ਰੀਨ ਦੀਆਂ ਤਾੜੀਆਂ ਵਿਚਾਲੇ ਕਿਹਾ, ”ਕੋਈ ਗਲਤੀ ਨਾ ਕਰੋ, ਜੇਕਰ ਟਰੰਪ ਨੂੰ ਮੌਕਾ ਮਿਲਦਾ ਹੈ, ਤਾਂ ਉਹ ਹਰ ਰਾਜ ਵਿਚ ਗਰਭਪਾਤ ‘ਤੇ ਪਾਬੰਦੀ ਲਗਾਉਣ ਲਈ ਰਾਸ਼ਟਰੀ ਗਰਭਪਾਤ ਪਾਬੰਦੀ ‘ਤੇ ਦਸਤਖ਼ਤ ਕਰਨਗੇ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਔਰਤਾਂ ‘ਤੇ ਭਰੋਸਾ ਕਰਦੇ ਹਾਂ। ਸਰਕਾਰ ਨੂੰ ਔਰਤਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੇ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਹੈਰਿਸ ਨੇ ਕਿਹਾ ਕਿ ਇਹ ਸਾਡੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਚੋਣ ਹੈ।