#AUSTRALIA

ਟਰੰਪ ਵੱਲੋਂ 7 ਆਸਟਰੇਲਿਆਈ ਯੂਨੀਵਰਸਿਟੀਆਂ ਦੀ ਫੰਡਿੰਗ ‘ਚ ਵੱਡੀ ਕਟੌਤੀ

-ਖੋਜ ਕਾਰਜਾਂ ‘ਤੇ ਪਵੇਗਾ ਅਸਰ; ਸਰਕਾਰ ਨੇ ਅਮਰੀਕਾ ਦੇ ਫ਼ੈਸਲੇ ‘ਤੇ ਖੜ੍ਹੇ ਕੀਤੇ ਸਵਾਲ
ਬ੍ਰਿਸਬੇਨ, 24 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਅਮਰੀਕਾ ਪਹਿਲਾਂ’ ਨੀਤੀ ਤਹਿਤ 7 ਆਸਟਰੇਲਿਆਈ ਯੂਨੀਵਰਸਿਟੀਆਂ ਦੀ ਫੰਡਿੰਗ ਵਿਚ ਵੱਡੀ ਕਟੌਤੀ ਕੀਤੀ ਹੈ, ਜਿਸ ਨਾਲ ਖੋਜ ਕਾਰਜਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ। ਲੱਖਾਂ ਡਾਲਰਾਂ ਦੀ ਕਟੌਤੀ ਨਾਲ ਆਸਟਰੇਲਿਆਈ ਅਕਾਦਮਿਕ ਭਾਈਚਾਰੇ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸਿੱਖਿਆ ਮੰਤਰੀ ਜੇਸਨ ਕਲੇਅਰ ਅਨੁਸਾਰ ਇਸ ‘ਸਿਆਸੀ ਦਖ਼ਲਅੰਦਾਜ਼ੀ’ ਕਾਰਨ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ, ਯੂਨੀਵਰਸਿਟੀ ਆਫ਼ ਐੱਨ.ਐੱਸ.ਡਬਲਯੂ., ਮੋਨਾਸ਼ ਯੂਨੀਵਰਸਿਟੀ, ਮੈਕਵੇਰੀ ਯੂਨੀਵਰਸਿਟੀ, ਡਾਰਵਿਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵੈਸਟਰਨ ਆਸਟਰੇਲੀਆ ਲਈ ਅਮਰੀਕੀ ਸਰਕਾਰ ਵੱਲੋਂ ਫੰਡਿੰਗ ਵਿਚ ਵੱਡੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਨਾਲ ਲਗਭਗ 60 ਕਰੋੜ ਡਾਲਰ ਦੀ ਖੋਜ ਫੰਡਿੰਗ ‘ਤੇ ਅਸਰ ਪੈ ਸਕਦਾ ਹੈ। ਆਸਟਰੇਲਿਆਈ ਸਰਕਾਰ ਨੇ ਇਸ ਫ਼ੈਸਲੇ ਨੂੰ ‘ਅਸਵੀਕਾਰਯੋਗ’ ਅਤੇ ‘ਅਣਉਚਿਤ’ ਕਿਹਾ ਹੈ। ਆਸਟਰੇਲੀਅਨ ਅਕੈਡਮੀ ਆਫ਼ ਸਾਇੰਸ ਮੁਤਾਬਕ ਅਮਰੀਕਾ ਮੁਲਕ ਦਾ ਸਭ ਤੋਂ ਵੱਡਾ ਖੋਜ ਭਾਈਵਾਲ ਰਿਹਾ ਹੈ ਅਤੇ 2024 ‘ਚ ਉਸ ਨੇ 38 ਕਰੋੜ ਡਾਲਰ ਤੋਂ ਵੱਧ ਰਕਮ ਖੋਜ ਕਾਰਜਾਂ ‘ਚ ਲਗਾਈ ਸੀ।