#AMERICA

ਟਰੰਪ ਵੱਲੋਂ ਹੁਣ ਰੂਸ ਨੂੰ ਟੈਰਿਫ ਧਮਕੀ!

ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿਚ ‘ਬੇਤੁਕੇ ਯੁੱਧ’ ਨੂੰ ਖਤਮ ਕਰਨ ਲਈ ਕਿਹਾ ਹੈ। ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ਵਿਰੁੱਧ ਆਪਣੀ ਜੰਗ ਖਤਮ ਕਰੇ ਜਾਂ ਭਾਰੀ ਟੈਰਿਫ ਅਤੇ ਆਉਣ ਵਾਲੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਹ ਗੱਲ ਕਹੀ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦਾ ਨਾਮ ਲਿਆ ਅਤੇ ਕਿਹਾ ਕਿ ਉਨ੍ਹਾਂ ਅਤੇ ਪੁਤਿਨ ਦੇ ਵਿਚਕਾਰ ਹਮੇਸ਼ਾ ਚੰਗੇ ਸਬੰਧ ਰਹੇ ਹਨ, ਪਰ ਹੁਣ ਇਸ ”ਬੇਤੁਕੇ ਯੁੱਧ” ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।
ਟਰੰਪ ਨੇ ਕਿਹਾ ਕਿ ਉਹ ਰੂਸ ਵਿਰੁੱਧ ਕੁਝ ਸਖ਼ਤ ਕਦਮ ਚੁੱਕਣ ‘ਤੇ ਵਿਚਾਰ ਕਰ ਰਹੇ ਹਨ ਅਤੇ ਚਾਹੁੰਦੇ ਹਨ ਕਿ ਯੁੱਧ ਵਿਚ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ। ਟਰੰਪ ਨੇ ਕਿਹਾ, ”ਆਓ ਇਸ ਜੰਗ ਨੂੰ ਖਤਮ ਕਰੀਏ, ਜੋ ਕਿ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਸ਼ੁਰੂ ਨਹੀਂ ਹੁੰਦੀ। ਅਸੀਂ ਇਸਨੂੰ ਆਸਾਨ ਤਰੀਕੇ ਨਾਲ ਜਾਂ ਔਖੇ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਆਸਾਨ ਤਰੀਕਾ ਹਮੇਸ਼ਾ ਬਿਹਤਰ ਹੁੰਦਾ ਹੈ। ਹੁਣ ”ਸਮਝੌਤਾ” ਕਰਨ ਦਾ ਸਮਾਂ ਹੈ। ਹੋਰ ਕੋਈ ਜਾਨ ਨਹੀਂ ਜਾਣੀ ਚਾਹੀਦੀ। ਮੈਂ ਰੂਸੀ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਰਾਸ਼ਟਰਪਤੀ ਪੁਤਿਨ ਨਾਲ ਮੇਰਾ ਹਮੇਸ਼ਾ ਬਹੁਤ ਵਧੀਆ ਰਿਸ਼ਤਾ ਰਿਹਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਨੇ ਦੂਜਾ ਵਿਸ਼ਵ ਯੁੱਧ ਜਿੱਤਣ ਵਿਚ ਸਾਡੀ ਮਦਦ ਕੀਤੀ, ਇਸ ਪ੍ਰਕਿਰਿਆ ਵਿਚ ਲਗਭਗ 60,000,000 ਜਾਨਾਂ ਗਈਆਂ।”
ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਜੰਗਬੰਦੀ ਸਮਝੌਤਾ ਨਾ ਹੋਇਆ, ਤਾਂ ਉਨ੍ਹਾਂ ਦੇ ਕੋਲ ਰੂਸ ਦੁਆਰਾ ਅਮਰੀਕਾ ਅਤੇ ਹੋਰ ਭਾਈਵਾਲ ਦੇਸ਼ਾਂ ਨੂੰ ਵੇਚੀ ਜਾਣ ਵਾਲੀ ਕਿਸੇ ਵੀ ਚੀਜ਼ ‘ਤੇ ਟੈਰਿਫ, ਟੈਕਸ ਅਤੇ ਪਾਬੰਦੀਆਂ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਯੂਕਰੇਨ ਵਿਚ ਯੁੱਧ ਦੀ ਫੰਡਿੰਗ ਨੂੰ ਲੈ ਕੇ ਰੂਸ ਦੇ ਮਾਲੀਏ ਵਿਚ ਕਟੌਤੀ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਮਹੀਨੇ ਦੇ ਸ਼ੁਰੂ ਵਿਚ ਉਸ ਦੇ ਤੇਲ ਅਤੇ ਊਰਜਾ ਖੇਤਰ ਸਮੇਤ ਵੱਖ-ਵੱਖ ਰੂਸੀ ਆਰਥਿਕ ਖੇਤਰਾਂ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਟਰੰਪ ਕਈ ਮਹੀਨਿਆਂ ਤੋਂ ਯੂਕਰੇਨ ਵਿਚ ਜੰਗਬੰਦੀ ਦੀ ਮੰਗ ਕਰ ਰਹੇ ਹਨ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਕਰਨ ਦੀ ਅਪੀਲ ਕਰ ਰਹੇ ਹਨ। ਰੂਸੀ ਫੌਜ ਨੇ 2022 ਦੇ ਸ਼ੁਰੂ ਵਿਚ ਯੂਕਰੇਨ ‘ਤੇ ਹਮਲਾ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ 3 ਸਾਲਾਂ ਤੋਂ ਚੱਲ ਰਹੀ ਲੜਾਈ ਵਿਚ ਦੋਵਾਂ ਧਿਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਵਾਰ-ਵਾਰ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ, ਤਾਂ ਉਹ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਨੂੰ ਇੱਕ ਦਿਨ ਵਿਚ ਹੱਲ ਕਰ ਸਕਦੇ ਹਨ।