#AMERICA

ਟਰੰਪ ਵੱਲੋਂ ਸਾਊਦੀ ਅਰਬ ਨੂੰ ਐੱਫ-35 ਲੜਾਕੂ ਜਹਾਜ਼ ਵੇਚਣ ਦਾ ਐਲਾਨ

ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਸਾਊਦੀ ਅਰਬ ਨੂੰ ਦੁਨੀਆਂ ਦਾ ਸਭ ਤੋਂ ਉੱਨਤ ਐੱਫ-35 ਲੜਾਕੂ ਜਹਾਜ਼ ਵੇਚਣਗੇ। ਇਹ ਐਲਾਨ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਤ ਸਾਲਾਂ ਵਿਚ ਵਾਸ਼ਿੰਗਟਨ ਦੇ ਪਹਿਲੇ ਦੌਰੇ ਤੋਂ ਇੱਕ ਦਿਨ ਪਹਿਲਾਂ ਆਇਆ ਹੈ। ਟਰੰਪ ਨੇ ਕਿਹਾ, ”ਹਾਂ, ਅਸੀਂ ਅਜਿਹਾ ਕਰਾਂਗੇ। ਅਸੀਂ ਐੱਫ-35 ਵੇਚ ਰਹੇ ਹਾਂ।” ਕਰਾਊਨ ਪ੍ਰਿੰਸ ਅਮਰੀਕਾ ਤੋਂ ਦੋ ਵੱਡੀਆਂ ਮੰਗਾਂ ਕਰ ਰਹੇ ਹਨ: ਸਾਊਦੀ ਅਰਬ ਦੀ ਫੌਜੀ ਸੁਰੱਖਿਆ ਦੀ ਲਿਖਤੀ ਗਾਰੰਟੀ ਅਤੇ ਐੱਫ-35 ਜਹਾਜ਼ ਖਰੀਦਣ ਦਾ ਸਮਝੌਤਾ।
ਹਾਲਾਂਕਿ, ਟਰੰਪ ਪ੍ਰਸ਼ਾਸਨ ਦੇ ਅੰਦਰ ਕੁਝ ਅਧਿਕਾਰੀ ਚਿੰਤਤ ਹਨ ਕਿ ਇਹ ਤਕਨਾਲੋਜੀ ਚੀਨ ਦੇ ਹੱਥਾਂ ਵਿਚ ਵੀ ਆ ਸਕਦੀ ਹੈ, ਕਿਉਂਕਿ ਹਾਲ ਹੀ ਦੇ ਸਾਲਾਂ ਵਿਚ ਸਾਊਦੀ ਅਰਬ ਅਤੇ ਡਰੈਗਨ ਦੇ ਸਬੰਧ ਬਹੁਤ ਨਜ਼ਦੀਕੀ ਹੋ ਗਏ ਹਨ। ਪਿਛਲੇ ਮਹੀਨੇ ਦੋਵਾਂ ਦੇਸ਼ਾਂ ਨੇ ਸਾਊਦੀ ਅਰਬ ਵਿਚ ਸਾਂਝੇ ਜਲ ਸੈਨਾ ਅਭਿਆਸ ਕੀਤੇ। 2023 ਵਿਚ ਚੀਨ ਸਾਊਦੀ ਅਰਬ ਅਤੇ ਈਰਾਨ ਵਿਚਕਾਰ ਕੂਟਨੀਤਕ ਸਬੰਧਾਂ ਨੂੰ ਬਹਾਲ ਕਰਨ ਲਈ ਜ਼ਿੰਮੇਵਾਰ ਸੀ। ਟਰੰਪ ਇਸ ਸੌਦੇ ਨਾਲ ਸਾਊਦੀ ਅਰਬ ਨੂੰ ਇਜ਼ਰਾਈਲ ਨਾਲ ਰਿਸ਼ਤੇ ਆਮ ਕਰਨ (ਇਬਰਾਹਿਮ ਸਮਝੌਤੇ ‘ਚ ਸ਼ਾਮਲ ਹੋਣ) ਲਈ ਦਬਾਅ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ”ਮੈਨੂੰ ਉਮੀਦ ਹੈ ਕਿ ਸਾਊਦੀ ਅਰਬ ਜਲਦੀ ਹੀ ਇਬਰਾਹਿਮ ਸਮਝੌਤੇ ਵਿਚ ਸ਼ਾਮਲ ਹੋ ਜਾਵੇਗਾ।”
ਹਾਲਾਂਕਿ, ਸਾਊਦੀ ਅਰਬ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਇਜ਼ਰਾਈਲ ਨਾਲ ਸਬੰਧਾਂ ਨੂੰ ਆਮ ਨਹੀਂ ਕਰੇਗਾ, ਜਦੋਂ ਤੱਕ ਫਲਸਤੀਨ ਨੂੰ ਆਜ਼ਾਦੀ ਦਾ ਰਸਤਾ ਨਹੀਂ ਦਿੱਤਾ ਜਾਂਦਾ। ਮਾਹਿਰ ਬ੍ਰੈਡਲੀ ਬੋਮੈਨ ਨੇ ਕਿਹਾ, ”ਟਰੰਪ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪਹਿਲਾ ਐੱਫ-35 ਉਦੋਂ ਤੱਕ ਨਹੀਂ ਦਿੱਤਾ ਜਾਵੇਗਾ, ਜਦੋਂ ਤੱਕ ਸਾਊਦੀ ਅਰਬ ਇਜ਼ਰਾਈਲ ਨਾਲ ਸਬੰਧਾਂ ਨੂੰ ਆਮ ਨਹੀਂ ਕਰਦਾ। ਨਹੀਂ ਤਾਂ, ਉਹ ਆਪਣੀ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹੋਣਗੇ।” ਮਨੁੱਖੀ ਅਧਿਕਾਰ ਕਾਰਕੁਨ ਇਸ ਸੌਦੇ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਕ੍ਰਾਊਨ ਪ੍ਰਿੰਸ ‘ਤੇ 2018 ਵਿਚ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦਾ ਦੋਸ਼ ਹੈ, ਜਿਸ ਨੂੰ ਉਹ ਲਗਾਤਾਰ ਨਕਾਰਦੇ ਰਹੇ ਹਨ।
ਐੱਫ-35 ਲਾਈਟਨਿੰਗ-2 ਦੁਨੀਆਂ ਦਾ ਸਭ ਤੋਂ ਉੱਨਤ ਪੰਜਵੀਂ ਪੀੜ੍ਹੀ ਦਾ ਸਟੀਲਥ ਲੜਾਕੂ ਜਹਾਜ਼ ਹੈ। ਇਹ ਰਾਡਾਰ ਲਈ ਲਗਭਗ ਅਦਿੱਖ ਹੈ, ਭਾਵ ਇਸ ਨੂੰ ਦੁਸ਼ਮਣ ਦੁਆਰਾ ਆਸਾਨੀ ਨਾਲ ਖੋਜਿਆ ਨਹੀਂ ਜਾ ਸਕਦਾ। ਇਹ ਸੁਪਰਸੋਨਿਕ ਗਤੀ, ਲੰਬੀ ਦੂਰੀ ਦੇ ਹਥਿਆਰਾਂ ਅਤੇ ਸਭ ਤੋਂ ਉੱਨਤ ਸੈਂਸਰਾਂ ਨਾਲ ਤਿਆਰ ਕੀਤਾ ਗਿਆ ਹੈ। ਇੱਕ ਸਿੰਗਲ ਜਹਾਜ਼ ਜ਼ਮੀਨ, ਸਮੁੰਦਰ ਅਤੇ ਹਵਾ ‘ਤੇ ਨਿਸ਼ਾਨਿਆਂ ‘ਤੇ ਹਮਲਾ ਕਰ ਸਕਦਾ ਹੈ। ਇਹ ਪਾਇਲਟ ਨੂੰ 360-ਡਿਗਰੀ ਦ੍ਰਿਸ਼ ਪ੍ਰਦਾਨ ਕਰਦਾ ਹੈ ਅਤੇ ਦੂਜੇ ਜਹਾਜ਼ਾਂ ਅਤੇ ਡਰੋਨਾਂ ਨਾਲ ਸਿੱਧਾ ਡਾਟਾ ਸਾਂਝਾ ਕਰ ਸਕਦਾ ਹੈ। ਅਮਰੀਕਾ ਨੇ ਇਹ ਸਿਰਫ਼ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਹੀ ਪ੍ਰਦਾਨ ਕੀਤਾ ਹੈ।