* 12 ਮਾਰਚ ਤੋਂ ਲਾਗੂ ਹੋਵੇਗਾ ਟੈਰਿਫ
ਵਾਸ਼ਿੰਗਟਨ, 12 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 12 ਮਾਰਚ ਤੋਂ ਸਟੀਲ ਅਤੇ ਐਲੂਮੀਨੀਅਮ ਦੇ ਦਰਾਮਦ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਇਹ ਕਦਮ ਘਰੇਲੂ ਉਦਯੋਗਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਪਾਰ ਨੀਤੀ ਦਾ ਹਿੱਸਾ ਹੈ। ਟਰੰਪ ਨੇ 12 ਮਾਰਚ ਤੋਂ ਪ੍ਰਭਾਵੀ ਹੋਣ ਵਾਲੇ ਇਨ੍ਹਾਂ ਹੁਕਮਾਂ ‘ਤੇ ਦਸਤਖਤ ਕੀਤੇ। ਇਹ ਟੈਫਿਰਕ ਸਟੀਲ ਅਤੇ ਐਲੂਮੀਨੀਅਮ ਦੇ ਸਾਰੇ ਆਯਾਤ ‘ਤੇ ਲਾਗੂ ਹੋਣਗੇ।
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ 2018 ‘ਚ ਟੈਕਸ ਲਗਾਇਆ ਸੀ ਪਰ ਐਤਕੀਂ ਟੈਕਸ 10 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਦਿੱਤਾ ਗਿਆ ਹੈ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਹੁਕਮਾਂ ਨੂੰ ਬਦਲ ਦਿੱਤਾ। ਟਰੰਪ ਨੇ ਕਿਹਾ, ‘ਸਾਨੂੰ ਦੋਸਤਾਂ ਅਤੇ ਦੁਸ਼ਮਣਾਂ ਵੱਲੋਂ ਇਕੱਠਿਆਂ ਨਪੀੜਿਆ ਜਾ ਰਿਹਾ ਸੀ। ਇਹ ਸਮਾਂ ਸਾਡੀਆਂ ਵੱਡੀਆਂ ਸਨਅਤਾਂ ਨੂੰ ਅਮਰੀਕਾ ਵਾਪਸ ਲਿਆਉਣ ਦਾ ਹੈ।” ਟਰੰਪ ਨੇ ਕਿਹਾ ਕਿ ਟੈਕਸਾਂ ‘ਚ ਵਾਧੇ ਨਾਲ ਘਰੇਲੂ ਉਤਪਾਦਨ ‘ਚ ਮਜ਼ਬੂਤੀ ਆਵੇਗੀ। ਪਰ ਸਟੀਲ ਦਰਾਮਦ ‘ਤੇ ਟੈਕਸ ਨਾਲ ਉਸ ਦੇ ਭਾਈਵਾਲਾਂ ਕੈਨੇਡਾ, ਬ੍ਰਾਜ਼ੀਲ, ਮੈਕਸਿਕੋ ਅਤੇ ਦੱਖਣੀ ਕੋਰੀਆ ਨੂੰ ਵੱਡੀ ਮਾਰ ਪਵੇਗੀ।
ਕੈਨੇਡਾ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਕਸ ਲਾਉਣ ਦੀ ਆਲੋਚਨਾ ਕੀਤੀ ਹੈ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਤੇ ਸੀ.ਈ.ਓ. ਕੈਨਡੇਸ ਲੈਂਗ ਨੇ ਕਿਹਾ ਕਿ ਟਰੰਪ ਆਲਮੀ ਅਰਥਚਾਰੇ ‘ਚ ਅਸਥਿਰਤਾ ਪੈਦਾ ਕਰਨ ਵਾਲੀ ਤਾਕਤ ਹਨ। ਉਨ੍ਹਾਂ ਕਿਹਾ ਕਿ ਟੈਕਸਾਂ ‘ਚ ਵਾਧੇ ਦਾ ਮਤਲਬ ਹੈ ਕਿ ਬੇਯਕੀਨੀ ਦਾ ਮਾਹੌਲ ਲਗਾਤਾਰ ਕਾਇਮ ਰਹੇਗਾ।
ਉਧਰ ਯੂਰਪ ਅਤੇ ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਇਸ ਟੈਰਿਫ ਨੂੰ ਲਾਗੂ ਕਰਦਾ ਹੈ, ਤਾਂ ਉਹ ਅਮਰੀਕੀ ਉਤਪਾਦਾਂ ‘ਤੇ ਵੀ ਸਖਤ ਪਾਬੰਦੀਆਂ ਲਗਾ ਸਕਦੇ ਹਨ। ਇਸ ਫੈਸਲੇ ਤੋਂ ਬਾਅਦ ਗਲੋਬਲ ਬਾਜ਼ਾਰ ‘ਚ ਉਥਲ-ਪੁਥਲ ਤੇਜ਼ ਹੋ ਗਈ ਹੈ ਅਤੇ ਨਿਵੇਸ਼ਕ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
ਟਰੰਪ ਵੱਲੋਂ ਸਟੀਲ ਤੇ ਐਲੂਮੀਨੀਅਮ ਦੇ ਦਰਾਮਦ ‘ਤੇ 25 ਫੀਸਦੀ ਟੈਰਿਫ ਦਾ ਐਲਾਨ
