#AMERICA

ਟਰੰਪ ਵੱਲੋਂ ਰੈਲੀ ਦੌਰਾਨ ਨਿੱਕੀ ਹੈਲੀ ਦਾ ਮਖੌਲ ਉਡਾਉਣ ਦੀ ਕੋਸ਼ਿਸ਼

-ਹੈਲੀ ਨੇ ਟਰੰਪ ਨੂੰ ਦਿੱਤਾ ਤਿੱਖਾ ਜਵਾਬ
ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਰੈਲੀ ਵਿਚ ਆਪਣੀ ਰਿਪਬਲਿਕਨ ਵਿਰੋਧੀ ਨਿੱਕੀ ਹੈਲੀ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਅਗਾਮੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਦਾਅਵਾ ਪੇਸ਼ ਕਰ ਰਹੇ ਟਰੰਪ ਨੇ ਹੈਲੀ ਦੇ ਪਤੀ ਦੀ ਗੈਰਹਾਜ਼ਰੀ ਉਤੇ ਸਵਾਲ ਉਠਾਇਆ। ਭਾਰਤੀ-ਅਮਰੀਕੀ ਹੇਲੀ ਜਿਨ੍ਹਾਂ ਦੇ ਪਤੀ ਸੈਨਾ ਅਧਿਕਾਰੀ ਵਜੋਂ ਵਿਦੇਸ਼ ‘ਚ ਤਾਇਨਾਤ ਹਨ, ਨੇ ਟਰੰਪ ਨੂੰ ਤਿੱਖਾ ਜਵਾਬ ਦਿੱਤਾ ਹੈ। ਨਿੱਕੀ ਹੈਲੀ ਨੇ ਕਿਹਾ ਕਿ ਜਿਹੜਾ ਵਿਅਕਤੀ ਫੌਜੀ ਪਰਿਵਾਰਾਂ ਦਾ ਨਿਰਾਦਰ ਕਰਦਾ ਹੈ, ਉਸ ਨੂੰ ਕਮਾਂਡਰ-ਇਨ-ਚੀਫ ਬਣਨ ਦਾ ਕੋਈ ਹੱਕ ਨਹੀਂ ਹੈ। ਗੌਰਤਲਬ ਹੈ ਕਿ ਨਿੱਕੀ ਹੈਲੀ ਦੇ ਪਤੀ ਮੇਜਰ ਮਾਈਕਲ ਹੇਲੀ, ਜੋ ਕਿ ਸਾਊਥ ਕੈਰੋਲੀਨਾ ਨੈਸ਼ਨਲ ਗਾਰਡ ਨਾਲ ਇਕ ਕਮਿਸ਼ਨਡ ਅਧਿਕਾਰੀ ਹਨ, ਵਰਤਮਾਨ ‘ਚ ਅਫਰੀਕਾ ਵਿਚ ਤਾਇਨਾਤ ਹਨ। ਟਰੰਪ ਨੇ ਕੈਰੋਲੀਨਾ ਵਿਚ ਹੀ ਇਕ ਰੈਲੀ ਦੌਰਾਨ ਸਵਾਲ ਕੀਤਾ, ‘ਉਸ (ਹੈਲੀ) ਦੇ ਪਤੀ ਕਿੱਥੇ ਹਨ? ਉਨ੍ਹਾਂ ਨੂੰ ਕੀ ਹੋਇਆ ਹੈ? ਉਹ ਕਿੱਥੇ ਹਨ? ਉਹ ਚਲੇ ਗਏ ਹਨ…।’ ਟਰੰਪ ਦੀ ਬਿਆਨਬਾਜ਼ੀ ਵਿਚੋਂ ਝਲਕ ਰਿਹਾ ਸੀ ਕਿ ਉਨ੍ਹਾਂ ਨੂੰ ਮਾਈਕਲ ਹੈਲੀ ਦੀ ਤਾਇਨਾਤੀ ਬਾਰੇ ਜਾਣਕਾਰੀ ਨਹੀਂ ਸੀ। 52 ਸਾਲਾ ਹੈਲੀ ਨੇ ਕਿਹਾ, ‘ਡੋਨਲਡ, ਜੇ ਤੁਸੀਂ ਕੁਝ ਕਹਿਣਾ ਹੈ ਤਾਂ ਮੇਰੇ ਪਿੱਠ ਪਿੱਛੇ ਨਾ ਕਹੋ, ਬਹਿਸ ਵਾਲੇ ਮੰਚ ਉਤੇ ਆਓ ਤੇ ਮੇਰੇ ਮੂੰਹ ਉਤੇ ਕਹੋ।’