#AMERICA

ਟਰੰਪ ਵੱਲੋਂ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੀਮ ਵਿਚ ਇੱਕ ਹੋਰ ਭਾਰਤੀ ਮੂਲ ਦੇ ਅਮਰੀਕੀ ਸ਼ਖਸ ਨੂੰ ਸ਼ਾਮਲ ਕੀਤਾ ਹੈ। ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਨੂੰ ਆਪਣਾ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ। ਇਹ ਐਲਾਨ ‘ਵ੍ਹਾਈਟ ਹਾਊਸ’ (ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਦਫ਼ਤਰ ਅਤੇ ਰਿਹਾਇਸ਼) ਵੱਲੋਂ ਕੀਤਾ ਗਿਆ। ਦੇਸਾਈ ਪਹਿਲਾਂ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ-2024’ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਆਇਓਵਾ ਦੀ ਰਿਪਬਲਿਕਨ ਪਾਰਟੀ ਲਈ ਕਮਿਊਨੀਕੇਸ਼ਨ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ‘ਰਿਪਬਲਿਕਨ ਨੈਸ਼ਨਲ ਕਮੇਟੀ’ ਵਿਚ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ (ਪੈਨਸਿਲਵੇਨੀਆ) ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੇਸਾਈ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਦਫ਼ਤਰ ਆਫ਼ ਕਮਿਊਨੀਕੇਸ਼ਨ ਦੀ ਨਿਗਰਾਨੀ, ਡਿਪਟੀ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਅਤੇ ਕੈਬਨਿਟ ਸਕੱਤਰ ਟੇਲਰ ਬੁਡੋਵਿਚ ਕਰਨਗੇ। ਟਰੰਪ ਨੇ ਪਹਿਲਾਂ ਸਟੀਵਨ ਚਿਊਂਗ ਨੂੰ ਰਾਸ਼ਟਰਪਤੀ ਦੇ ਸਹਾਇਕ ਅਤੇ ਵ੍ਹਾਈਟ ਹਾਊਸ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਕੈਰੋਲੀਨ ਲੇਵਿਟ ਨੂੰ ਰਾਸ਼ਟਰਪਤੀ ਦੇ ਸਹਾਇਕ ਅਤੇ ਪ੍ਰੈੱਸ ਸਕੱਤਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ।