ਵਾਸ਼ਿੰਗਟਨ, 10 ਅਕਤੂਬਰ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਵੱਲੋਂ ਦੁਰਲੱਭ ਧਾਤਾਂ (ਰੇਅਰ ਅਰਥ) ਦੇ ਨਿਰਯਾਤ ਨੂੰ ਨਿਯੰਤਰਿਤ ਕਰਨ ਦੀ ਯੋਜਨਾ ਨੂੰ ”ਬਹੁਤ ਹੀ ਦੁਸ਼ਮਣੀ ਭਰਿਆ” ਕਦਮ ਕਰਾਰ ਦਿੱਤਾ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਾਰਵਾਈ ਦੇ ਜਵਾਬ ਵਿਚ ਅਮਰੀਕਾ ਵਿਚ ਆਉਣ ਵਾਲੇ ਚੀਨੀ ਉਤਪਾਦਾਂ ‘ਤੇ ਟੈਰਿਫਾਂ ਵਿਚ ਵੱਡੇ ਪੱਧਰ ‘ਤੇ ਵਾਧਾ ਸਮੇਤ ਕਈ ਜਵਾਬੀ ਉਪਾਅ ਵਿਚਾਰੇ ਜਾ ਰਹੇ ਹਨ।
ਰਾਸ਼ਟਰਪਤੀ ਟਰੰਪ ਨੇ ਇੱਕ ਬਿਆਨ ਵਿਚ ਕਿਹਾ ਕਿ ਚੀਨ ਦੁਨੀਆਂ ਭਰ ਦੇ ਦੇਸ਼ਾਂ ਨੂੰ ਪੱਤਰ ਭੇਜ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਦੁਰਲੱਭ ਧਾਤਾਂ ਦੇ ਉਤਪਾਦਨ ਨਾਲ ਸਬੰਧਤ ‘ਹਰ ਤੱਤ’ ਅਤੇ ਵਰਚੁਅਲੀ ਕਿਸੇ ਵੀ ਹੋਰ ਚੀਜ਼ ‘ਤੇ ਨਿਰਯਾਤ ਨਿਯੰਤਰਣ ਐਕਸਪੋਰਟ ਕੰਟਰੋਲ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਹੈ ।
ਅਮਰੀਕੀ ਰਾਸ਼ਟਰਪਤੀ ਅਨੁਸਾਰ, ਇਹ ਬਹੁਤ ਅਜੀਬ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਬਾਜ਼ਾਰ ”ਜਾਮ” ਹੋ ਜਾਣਗੇ, ਜਿਸ ਨਾਲ ਦੁਨੀਆਂ ਦੇ ਲਗਭਗ ਹਰ ਦੇਸ਼, ਖਾਸ ਕਰਕੇ ਚੀਨ ਲਈ ਮੁਸ਼ਕਲਾਂ ਪੈਦਾ ਹੋਣਗੀਆਂ। ਟਰੰਪ ਨੇ ਕਿਹਾ ਕਿ ਉਨ੍ਹਾਂ ਨਾਲ ਹੋਰ ਦੇਸ਼ਾਂ ਵੱਲੋਂ ਸੰਪਰਕ ਕੀਤਾ ਗਿਆ ਹੈ, ਜੋ ਚੀਨ ਦੀ ਇਸ ”ਮਹਾਨ ਵਪਾਰਕ ਦੁਸ਼ਮਣੀ” ਤੋਂ ਬਹੁਤ ਨਾਰਾਜ਼ ਹਨ। ਟਰੰਪ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿਚ ਅਮਰੀਕਾ ਅਤੇ ਚੀਨ ਦੇ ਸਬੰਧ ਬਹੁਤ ਚੰਗੇ ਰਹੇ ਸਨ, ਜਿਸ ਕਰਕੇ ਵਪਾਰ ‘ਤੇ ਚੀਨ ਦਾ ਇਹ ਕਦਮ ਹੋਰ ਵੀ ਹੈਰਾਨੀਜਨਕ ਹੈ।
ਰਾਸ਼ਟਰਪਤੀ ਟਰੰਪ ਨੇ ਸਿੱਧੇ ਤੌਰ ‘ਤੇ ਚੀਨ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇਰਾਦਾ ਲੰਬੇ ਸਮੇਂ ਤੋਂ ਦੁਨੀਆਂ ਨੂੰ ”ਕੈਦੀ” ਬਣਾਉਣ ਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੀ ਸ਼ੁਰੂਆਤ ”ਮੈਗਨੇਟਸ” ਅਤੇ ਹੋਰ ਤੱਤਾਂ ਨਾਲ ਹੋਈ ਜਿਨ੍ਹਾਂ ਨੂੰ ਚੀਨ ਨੇ ਚੁੱਪ-ਚਾਪ ਇੱਕ ਤਰ੍ਹਾਂ ਦੇ ਏਕਾਧਿਕਾਰ ਵਿਚ ਇਕੱਠਾ ਕਰ ਲਿਆ ਹੈ। ਉਨ੍ਹਾਂ ਇਸ ਕਾਰਵਾਈ ਨੂੰ ਖਾਸ ਤੌਰ ‘ਤੇ ਭੈੜਾ ਅਤੇ ਦੁਸ਼ਮਣੀ ਭਰਿਆ ਕਦਮ ਦੱਸਿਆ।
ਹਾਲਾਂਕਿ, ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਕੋਲ ਵੀ ਏਕਾਧਿਕਾਰ ਵਾਲੀਆਂ ਸਥਿਤੀਆਂ ਹਨ, ਜੋ ਚੀਨ ਨਾਲੋਂ ”ਬਹੁਤ ਜ਼ਿਆਦਾ ਮਜ਼ਬੂਤ ਅਤੇ ਵਧੇਰੇ ਦੂਰਗਾਮੀ” ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀ ਸੀ ਪਰ ਹੁਣ ਸਮਾਂ ਆ ਗਿਆ ਹੈ। ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਚੀਨ ਵੱਲੋਂ ਜਾਰੀ ਕੀਤੇ ਗਏ ਇਸ ”ਦੁਸ਼ਮਣੀ ਭਰੇ ‘ਆਰਡਰ”’ ਬਾਰੇ ਉਹ ਜੋ ਕਹਿੰਦੇ ਹਨ, ਉਸ ‘ਤੇ ਨਿਰਭਰ ਕਰਦਿਆਂ, ਉਹ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵਿੱਤੀ ਤੌਰ ‘ਤੇ ਉਨ੍ਹਾਂ ਦੇ ਕਦਮ ਦਾ ਜਵਾਬ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿੰਨੇ ਵੀ ਤੱਤਾਂ ‘ਤੇ ਚੀਨ ਨੇ ਏਕਾਧਿਕਾਰ ਬਣਾਇਆ ਹੈ, ਅਮਰੀਕਾ ਕੋਲ ਉਸਦੇ ਮੁਕਾਬਲੇ ‘ਦੁੱਗਣੇ’ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਆਉਣ ਵਾਲੇ ਚੀਨੀ ਉਤਪਾਦਾਂ ‘ਤੇ ਟੈਰਿਫਾਂ ਵਿਚ ਵੱਡੇ ਪੱਧਰ ‘ਤੇ ਵਾਧਾ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਟਰੰਪ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਨਹੀਂ ਕੀਤੀ ਹੈ। ਉਨ੍ਹਾਂ ਦੀ ਯੋਜਨਾ ਦੋ ਹਫ਼ਤਿਆਂ ਵਿਚ ਦੱਖਣੀ ਕੋਰੀਆ ਵਿਚ ਹੋਣ ਵਾਲੇ ਏ.ਪੀ.ਈ.ਸੀ. ਸੰਮੇਲਨ ਵਿਚ ਰਾਸ਼ਟਰਪਤੀ ਸ਼ੀ ਨੂੰ ਮਿਲਣ ਦੀ ਸੀ ਪਰ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਜਾਪਦਾ।
ਰਾਸ਼ਟਰਪਤੀ ਟਰੰਪ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਚੀਨੀ ਪੱਤਰ ਉਸ ਦਿਨ ਭੇਜੇ ਗਏ ਸਨ, ਜਿਸ ਦਿਨ ”ਤਿੰਨ ਹਜ਼ਾਰ ਸਾਲਾਂ ਦੇ ਹੰਗਾਮੇ ਅਤੇ ਲੜਾਈ” ਤੋਂ ਬਾਅਦ ਮੱਧ ਪੂਰਬ ‘ਚ ਸ਼ਾਂਤੀ ਸਥਾਪਿਤ ਹੋਈ ਸੀ। ਹਾਲਾਂਕਿ ਇਹ ਸਥਿਤੀ ”ਸੰਭਾਵੀ ਤੌਰ ‘ਤੇ ਦੁਖਦਾਈ” ਹੋ ਸਕਦੀ ਹੈ, ਟਰੰਪ ਨੇ ਵਿਸ਼ਵਾਸ ਪ੍ਰਗਟਾਇਆ ਕਿ ਅੰਤ ਵਿਚ ਇਹ ਅਮਰੀਕਾ ਲਈ ”ਬਹੁਤ ਚੰਗੀ ਗੱਲ” ਹੋਵੇਗੀ।
ਟਰੰਪ ਵੱਲੋਂ ਚੀਨ ਨੂੰ ‘ਰੇਅਰ ਅਰਥ’ ਮਾਮਲੇ ‘ਚ ਵੱਡੇ ਟੈਰਿਫ ਲਗਾਉਣ ਦੀ ਧਮਕੀ
