#AMERICA

ਟਰੰਪ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਹਿਰਾਸਤੀ ਕਾਨੂੰਨ ‘ਤੇ ਦਸਤਖ਼ਤ

ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਦੀ ਆਗਿਆ ਦੇਣ ਵਾਲੇ ਕਾਨੂੰਨ (ਲੇਕਨ ਰਾਇਲੀ ਐਕਟ) ‘ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਕਾਨੂੰਨ ਚੋਰੀ ਜਾਂ ਹੋਰ ਅਪਰਾਧਾਂ ‘ਚ ਸ਼ਾਮਲ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ‘ਚ ਰੱਖਣ ਦੀ ਆਗਿਆ ਦਿੰਦਾ ਹੈ। ਟਰੰਪ ਨੇ 20 ਜਨਵਰੀ ਨੂੰ ਕਾਰਜਭਾਰ ਸੰਭਾਲਣ ਮਗਰੋਂ ਪਹਿਲਾਂ ਬਿੱਲ ਵਜੋਂ ਇਸ ‘ਤੇ ਦਸਤਖ਼ਤ ਕੀਤੇ ਸਨ। ਟਰੰਪ ਨੇ ਬੁੱਧਵਾਰ ਨੂੰ ਲੇਕਿਨ ਰਾਇਲੀ ਇੰਮੀਗ੍ਰੇਸ਼ਨ ਐਕਟ ‘ਤੇ ਦਸਤਖ਼ਤ ਕਰਦਿਆਂ ਕਿਹਾ, ”ਇਸ ਕਾਨੂੰਨ ਜਿਸ ‘ਤੇ ਮੈਂ ਦਸਤਖ਼ਤ ਕਰ ਰਿਹਾ ਹਾਂ, ਤਹਿਤ ਗ੍ਰਹਿ ਸੁਰੱਖਿਆ ਵਿਭਾਗ ਨੂੰ ਉਨ੍ਹਾਂ ਸਾਰੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲੈਣ ਦਾ ਅਧਿਕਾਰ ਹੋਵੇਗਾ, ਜਿਹੜੇ ਚੋਰੀ, ਸੰਨ੍ਹ ਲਾਉਣ, ਡਕੈਤੀ, ਪੁਲਿਸ ਅਧਿਕਾਰੀ ‘ਤੇ ਹਮਲਾ, ਹੱਤਿਆ ਜਾਂ ਗੰਭੀਰ ਸੱਟ ਨਾਲ ਸਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤੇ ਗਏ ਹਨ।” ਇਹ ਕਾਨੂੰਨ ਜੌਰਜੀਆ ਦੀ 22 ਵਰ੍ਹਿਆਂ ਦੀ ਨਰਸਿੰਗ ਦੀ ਵਿਦਿਆਰਥਣ ਲੇਕਨ ਰਾਇਲੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸ ਦੀ ਇੱਕ ਗ਼ੈਰਕਾਨੂੰਨੀ ਪ੍ਰਵਾਸੀ ਨੇ ਹੱਤਿਆ ਕਰ ਦਿੱਤੀ ਸੀ।