ਵਾਸ਼ਿੰਗਟਨ/ਮਾਂਟਰੀਅਲ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਕੰਪਨੀ ਗਲਫਸਟਰੀਮ ਦੇ ਸਰਟੀਫਿਕੇਸ਼ਨ ਦੇ ਅਮਲ ਨੂੰ ਗਲਤ ਢੰਗ ਨਾਲ ਰੋਕਣ ਦਾ ਦੋਸ਼ ਲਾਇਆ ਹੈ। ਟਰੰਪ ਨੇ ਕੈਨੇਡਾ ਨੂੰ ਆਪਣਾ ਫੈਸਲਾ ਬਦਲਣ ਜਾਂ ਅਮਰੀਕੀ ਟੈਕਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਕੈਨੇਡਾ ਨੇ ਗਲਫਸਟਰੀਮ ਐਰੋਸਪੇਸ ਕੌਰਪ ਦੇ ਜਹਾਜ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਅਮਰੀਕਾ ਵਿਚ ਵੇਚੇ ਜਾਣ ਵਾਲੇ ਕੈਨੇਡਾ ਦੇ ਜੈਟਾਂ ’ਤੇ ਪੰਜਾਹ ਫੀਸਦੀ ਟੈਕਸ ਲਾਇਆ ਜਾਵੇਗਾ। ਟਰੰਪ ਦੀ ਇਹ ਧਮਕੀ ਅਮਰੀਕਾ ਤੇ ਕੈਨੇਡਾ ਦਰਮਿਆਨ ਵਧ ਰਹੇ ਤਣਾਅ ਨੂੰ ਹੋਰ ਵਧਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਦੋਵੇਂ ਦੇਸ਼ ਕਈ ਮਾਮਲਿਆਂ ’ਤੇ ਆਹਮੋ-ਸਾਹਮਣੇ ਆ ਗਏ ਸਨ।
ਟਰੰਪ ਨੇ ਟਰੁੱਥ ’ਤੇ ਪੋਸਟ ਪਾ ਕੇ ਕਿਹਾ, ‘ਜੇ, ਕਿਸੇ ਵੀ ਕਾਰਨ ਇਸ ਸਥਿਤੀ ਨੂੰ ਤੁਰੰਤ ਠੀਕ ਨਹੀਂ ਕੀਤਾ ਜਾਂਦਾ ਤਾਂ ਮੈਂ ਸੰਯੁਕਤ ਰਾਜ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਕਿਸੇ ਵੀ ਅਤੇ ਸਾਰੇ ਜਹਾਜ਼ਾਂ ’ਤੇ ਕੈਨੇਡਾ ਤੋਂ 50% ਟੈਰਿਫ ਵਸੂਲਣ ਜਾ ਰਿਹਾ ਹਾਂ।’ ਇਸ ਤੋਂ ਇਕ ਹਫਤਾ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਵਪਾਰਕ ਸੌਦੇ ’ਤੇ ਕੈਨੇਡਾ ’ਤੇ 100 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਦੇਸ਼ ਚੀਨ ਨਾਲ ਵਪਾਰਕ ਸੌਦਾ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਮਾਨ ’ਤੇ 100 ਫੀਸਦੀ ਟੈਕਸ ਲਾ ਦੇਵੇਗਾ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਕਾਰਨੀ ਨੂੰ ਗਵਰਨਰ ਵਜੋਂ ਸੰਬੋਧਨ ਕਰਦਿਆਂ ਪੋਸਟ ਕੀਤੀ ਸੀ, ‘ਜੇਕਰ ਗਵਰਨਰ ਕਾਰਨੀ ਸੋਚਦੇ ਹਨ ਕਿ ਉਹ ਚੀਨ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਸਾਮਾਨ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ਡਰੌਪ ਆਫ ਪੋਰਟ ਬਣਾਉਣ ਜਾ ਰਹੇ ਹਨ ਤਾਂ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਚੀਨ ਕੈਨੇਡਾ ਦੇ ਹਿੱਤ ਪ੍ਰਭਾਵਿਤ ਕਰੇਗਾ ਤੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਜੇਕਰ ਕੈਨੇਡਾ ਚੀਨ ਨਾਲ ਕੋਈ ਸੌਦਾ ਕਰਦਾ ਹੈ ਤਾਂ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਕੈਨੇਡੀਅਨ ਸਾਮਾਨ ਅਤੇ ਉਤਪਾਦਾਂ ’ਤੇ 100% ਟੈਰਿਫ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਅਣਕਿਆਸੀਆਂ ਅਤੇ ਸਖ਼ਤ ਵਪਾਰਕ ਨੀਤੀਆਂ ਤੋਂ ਤੰਗ ਆ ਕੇ ਕੈਨੇਡਾ ਨਵੇਂ ਰਾਹ ਤਲਾਸ਼ ਰਿਹਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਵਾਹਨਾਂ (ਈ ਵੀ) ’ਤੇ ਲਾਇਆ 100 ਫੀਸਦੀ ਦਰਾਮਦ ਟੈਕਸ ਘਟਾ ਕੇ ਮਹਿਜ਼ 6.1 ਫੀਸਦੀ ਕਰ ਦਿੱਤਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਇਹ ਛੋਟ ਸੀਮਤ ਸਮੇਂ ਲਈ ਹੈ। ਇਸ ਤਹਿਤ ਫਿਲਹਾਲ ਸਾਲਾਨਾ 49,000 ਗੱਡੀਆਂ ਹੀ ਮੰਗਵਾਈਆਂ ਜਾ ਸਕਣਗੀਆਂ, ਪਰ ਪੰਜ ਸਾਲਾਂ ਵਿੱਚ ਇਹ ਗਿਣਤੀ ਵਧਾ ਕੇ 70,000 ਕਰ ਦਿੱਤੀ ਜਾਵੇਗੀ। ਇਸ ਬਦਲੇ ਚੀਨ ਨੇ ਕੈਨੇਡਾ ਦੇ ਖੇਤੀ ਉਤਪਾਦਾਂ, ਖਾਸਕਰ ਕੈਨੋਲਾ ਬੀਜਾਂ ’ਤੇ ਲੱਗਣ ਵਾਲੀ ਡਿਊਟੀ 84 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕਾਰਨੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੇਈਚਿੰਗ ਵਿੱਚ ਮੁਲਾਕਾਤ ਦੌਰਾਨ ਸਾਲਾਂ ਦੀ ਕੁੜੱਤਣ ਭੁਲਾ ਕੇ ਆਪਸੀ ਰਿਸ਼ਤੇ ਸੁਧਾਰਨ ਦਾ ਅਹਿਦ ਲਿਆ ਸੀ।

