-ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ ‘ਚ ਲਗਾਤਾਰ ਵਧ ਰਹੀ ਆਮਦ ਤੋਂ ਨਾਰਾਜ਼
ਵਾਸ਼ਿੰਗਟਨ, 26 ਨਵੰਬਰ (ਪੰਜਾਬ ਮੇਲ)- ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਜਨਵਰੀ ਵਿਚ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਅਜਿਹੇ ਆਦੇਸ਼ਾਂ ‘ਤੇ ਦਸਤਖਤ ਕਰਨਗੇ, ਜਿਸ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨਾਂ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ, ਜਦੋਂ ਤੱਕ ਉਹ ਆਪਣੇ ਦੇਸ਼ਾਂ ਤੋਂ ਹੋ ਕੇ ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਫੈਂਟਾਨਾਇਲ ਡਰੱਗਜ਼ ਦੇ ਪ੍ਰਵਾਹ ਨੂੰ ਰੋਕ ਨਹੀਂ ਦਿੰਦੇ। ਟਰੰਪ ਨੇ ਇਹ ਐਲਾਨ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ ‘ਚ ਲਗਾਤਾਰ ਵਧ ਰਹੀ ਆਮਦ ਤੋਂ ਨਾਰਾਜ਼ ਹੋ ਕੇ ਕੀਤਾ ਹੈ। ਨਾਲ ਹੀ ਟਰੰਪ ਨੇ ਇਹ ਵੀ ਘੋਸ਼ਣਾ ਕੀਤੀ ਕਿ ਜੇਕਰ ਚੀਨ ਨੇ ਅਮਰੀਕਾ ਵਿਚ ਆਉਣ ਵਾਲੇ ਡਰੱਗਜ਼ ਨੂੰ ਰੋਕਣ ਲਈ ਨਿਰਣਾਇਕ ਕਾਰਵਾਈ ਨਾ ਕੀਤੀ, ਤਾਂ ਉਹ ਚੀਨ ਤੋਂ ਆਉਣ ਵਾਲੀਆਂ ਵਸਤਾਂ ‘ਤੇ ਮੌਜੂਦਾ ਦਰਾਂ ਤੋਂ ਉੱਪਰ 10 ਫ਼ੀਸਦੀ ਟੈਰਿਫ ਲਗਾ ਦੇਣਗੇ।
ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਸ਼ੇਅਰ ਕੀਤੀ ਪੋਸਟ ‘ਚ ਟਰੰਪ ਨੇ ਕਿਹਾ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕੈਨੇਡਾ, ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ ਟੈਰਿਫ ਲਗਾਉਣਗੇ। ਟਰੰਪ ਨੇ ਲਿਖਿਆ ਕਿ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋ ਰਹੇ ਹਨ ਅਤੇ ਉਹ ਆਪਣੇ ਨਾਲ ਡਰੱਗਜ਼ ਅਤੇ ਅਪਰਾਧ ਲਿਆ ਰਹੇ ਹਨ। ਜੇਕਰ ਕੈਨੇਡਾ ਅਤੇ ਮੈਕਸੀਕੋ ਚਾਹੁਣ ਤਾਂ ਉਹ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਹਨ ਅਤੇ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ। ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦ ਰਾਹੀਂ ਅਮਰੀਕਾ ‘ਚ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ, ਉਨ੍ਹਾਂ ਨੂੰ ਭਾਰੀ ਟੈਰਿਫ ਦੇਣਾ ਪਵੇਗਾ।
ਉਥੇ ਹੀ ਟਰੰਪ ਨੇ ਚੀਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੀਨ ਤੋਂ ਡਰੱਗਜ਼ ਖਾਸ ਤੌਰ ‘ਤੇ ਫੈਂਟਾਨਾਇਲ ਵੱਡੇ ਪੱਧਰ ‘ਤੇ ਅਮਰੀਕਾ ਆ ਰਹੀ ਹੈ। ਉਹ ਪਹਿਲਾਂ ਵੀ ਚੀਨ ਕੋਲ ਨਸ਼ਿਆਂ ਦਾ ਮੁੱਦਾ ਉਠਾ ਚੁੱਕੇ ਹਨ ਅਤੇ ਚੀਨ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਵਿਚ ਫੈਂਟਾਨਾਇਲ ਡਰੱਗਜ਼ ਦੀ ਆਮਦ ਬੇਰੋਕ ਜਾਰੀ ਹੈ। ਅਜਿਹੇ ‘ਚ ਸਾਡੀ ਸਰਕਾਰ ਚੀਨ ‘ਤੇ ਡਰੱਗਜ਼ ‘ਤੇ ਰੋਕ ਨਾ ਲਗਾਉਣ ‘ਤੇ 10 ਫੀਸਦੀ ਵਾਧੂ ਟੈਰਿਫ ਲਗਾਵੇਗੀ।