ਵਾਸ਼ਿੰਗਟਨ, 12 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਂਡਰਿਊ ਫਰਗੂਸਨ ਨੂੰ ‘ਫੈਡਰਲ ਟਰੇਡ ਕਮਿਸ਼ਨ’ (ਐੱਫ.ਟੀ.ਸੀ.) ਦਾ ਅਗਲਾ ਮੁਖੀ ਨਾਮਜ਼ਦ ਕੀਤਾ ਹੈ। ਫਰਗੂਸਨ ਲੀਨਾ ਖਾਨ ਦੀ ਥਾਂ ਲੈਣਗੇ। ਫਰਗੂਸਨ ਪਹਿਲਾਂ ਹੀ ਐੱਫ.ਟੀ.ਸੀ. ਦੇ 5 ਕਮਿਸ਼ਨਰਾਂ ਵਿਚੋਂ ਇਕ ਹਨ, ਜਿਸ ਵਿਚ ਵਰਤਮਾਨ ਵਿਚ ਡੈਮੋਕਰੇਟਿਕ ਪਾਰਟੀ ਦੇ 3 ਮੈਂਬਰ ਅਤੇ ਰਿਪਬਲਿਕਨ ਪਾਰਟੀ ਦੇ 2 ਮੈਂਬਰ ਹਨ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਲਿਖਿਆ, ”ਐਂਡਰਿਊ ਕੋਲ ਬਿਗ ਟੈਕ ਸੈਂਸਰਸ਼ਿਪ ਖਿਲਾਫ ਖੜ੍ਹੇ ਹੋਣ ਅਤੇ ਸਾਡੇ ਮਹਾਨ ਦੇਸ਼ ਵਿਚ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਦਾ ਰਿਕਾਰਡ ਰਿਹਾ ਹੈ।”
ਇਸ ਤੋਂ ਇਲਾਵਾ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕਿੰਬਰਲੀ ਗਿਲਫੋਇਲ ਨੂੰ ਗ੍ਰੀਸ ਵਿਚ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ। ਗਿਲਫੋਇਲ ਲੰਬੇ ਸਮੇਂ ਤੋਂ ਟਰੰਪ ਦੀ ਸਮਰਥਕ ਰਹੀ ਹੈ ਅਤੇ ਉਨ੍ਹਾਂ ਨੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨਾਲ ਉਨ੍ਹਾਂ ਦੀ ਮੰਗਣੀ ਹੋਈ ਸੀ। ਗਿਲਫੋਇਲ ਕੈਲੀਫੋਰਨੀਆ ਦੀ ਸਾਬਕਾ ਸਰਕਾਰੀ ਵਕੀਲ ਅਤੇ ਟੈਲੀਵਿਜ਼ਨ ਨਿਊਜ਼ ਪੇਸ਼ਕਾਰ ਰਹੀ ਹੈ। ਉਨ੍ਹਾਂ ਨੇ ਟਰੰਪ ਦੀ 2020 ਮੁਹਿੰਮ ਲਈ ਫੰਡ ਇਕੱਠਾ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ।